ਲੁਟੇਰਿਆਂ ਨੇ 2 ਭਰਾਵਾਂ ਤੋਂ ਖੋਹੇ ਇਕ ਲੱਖ ਰੁਪਏ

Tuesday, May 22, 2018 - 04:40 AM (IST)

ਈਸੜੂ(ਬੈਨੀਪਾਲ)-ਅੱਜ ਦੁਪਹਿਰ 12.30 ਵਜੇ ਦੇ ਕਰੀਬ ਬੈਂਕ 'ਚੋਂ ਪੈਸੇ ਕੱਢਵਾ ਕੇ ਆਪਣੇ ਘਰ ਜਾ ਰਹੇ ਦੋ ਕਿਸਾਨ ਭਰਾਵਾਂ ਤੋਂ ਰਸਤੇ 'ਚੋਂ ਹੀ ਤਿੰਨ ਨੌਜਵਾਨਾਂ ਨੇ ਪੈਸਿਆਂ ਵਾਲਾ ਲਫਾਫਾ ਖੋਹ ਲਿਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਾਧੂ ਸਿੰਘ ਤੇ ਕੇਸਰ ਸਿੰਘ ਵਾਸੀ ਇਕੋਲਾਹਾ ਅੱਜ ਕੋਆਪਰੇਟਿਵ ਬੈਂਕ ਈਸੜੂ ਤੋਂ ਇਕ ਲੱਖ ਰੁਪਏ ਕੱਢਵਾ ਕੇ ਐਕਟਿਵਾ ਸਕੂਟਰੀ 'ਤੇ ਆਪਣੇ ਪਿੰਡ ਇਕੋਲਾਹਾ ਜਾ ਰਹੇ ਸਨ ਅਤੇ ਜਦੋਂ ਉਹ ਈਸੜੂ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੇ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਤੋਂ ਪੈਸਿਆਂ ਵਾਲਾ ਲਿਫਾਫਾ ਝਪਟ ਮਾਰ ਕੇ ਖੋਹ ਲਿਆ। ਸੂਚਨਾ ਮਿਲੇ ਹੀ ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾਂ, ਸੀ. ਆਈ. ਏ. ਇੰਚਾਰਜ ਬਲਜਿੰਦਰ ਸਿੰਘ, ਥਾਣੇਦਾਰ ਜਰਨੈਲ ਸਿੰਘ, ਚੌਕੀ ਇੰਚਾਰਜ ਬਲਵੀਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾਂ ਨੇ ਕਿਹਾ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਡੂੰਘਾਈ ਨਾਲ ਖੰਘਾਲਿਆ ਜਾ ਰਿਹਾ ਹੈ, ਪੁਲਸ ਜਲਦ ਹੀ ਦੋਸ਼ੀਆਂ ਤੱਕ ਪੁੱਜ ਜਾਵੇਗੀ। 


Related News