ਕਾਂਗਰਸ ਸਰਕਾਰ ਖਿਲਾਫ ਪਾਵਰ ਨਿਗਮ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ

05/20/2018 1:24:14 PM

ਜਲੰਧਰ (ਪੁਨੀਤ)— ਪਾਵਰ ਨਿਗਮ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪੈਂਡਿੰਗ ਮੰਗਾਂ ਸਬੰਧੀ ਕਾਂਗਰਸ ਸਰਕਾਰ ਗੰਭੀਰ ਨਹੀਂ ਹੈ, ਜਿਸ ਕਾਰਨ ਕਰਮਚਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇੰਪਲਾਈਜ਼ ਫੈੱਡਰੇਸ਼ਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ ਚਾਹਲ, ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਤੇ ਟਰਾਂਸਕੋ ਦੀ ਅਗਵਾਈ 'ਚ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਕਨਵੈਨਸ਼ਨ ਵਿਚ ਕਰਮਚਾਰੀਆਂ ਨੇ ਕਿਹਾ ਕਿ ਰੋਸ ਵਜੋਂ 22 ਮਈ ਤੋਂ 10 ਜੂਨ ਤੱਕ ਡਵੀਜ਼ਨ ਪੱਧਰ 'ਤੇ ਅਰਥੀ ਫੂਕ ਪ੍ਰਦਰਸ਼ਨ ਹੋਣਗੇ। ਕਨਵੈਨਸ਼ਨ ਵਿਚ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਬਠਿੰਡਾ ਸਣੇ ਵੱਖ-ਵੱਖ ਜ਼ਿਲਿਆਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਨੀਆਂ ਜਾ ਰਹੀਆਂ ਮੰਗਾਂ ਨੂੰ ਲਾਗੂ ਕਰਨ ਵਿਚ ਵੀ ਸਰਕਾਰ ਰੁਚੀ ਨਹੀਂ ਦਿਖਾ ਰਹੀ। ਮਹਿੰਗਾਈ ਭੱਤਾ ਤੁਰੰਤ ਲਾਗੂ ਕੀਤਾ ਜਾਵੇ। ਬਠਿੰਡਾ ਥਰਮਲ ਪਲਾਂਟ, ਰੋਪੜ ਥਰਮਲ ਪਲਾਂਟ ਦੇ ਦੋ ਦਿਨ ਬੰਦ ਕਰਨ ਦੇ ਖਿਲਾਫ ਰੋਸ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀਕਰਨ ਦੀ ਜੋ ਨੀਤੀ ਅਪਣਾ ਰਹੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। 
ਬਿਜਲੀ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਨੇ ਕਿਹਾ ਕਿ 2011 ਤੋਂ ਬਿਜਲੀ ਕਰਮਚਾਰੀਆਂ ਨੂੰ ਸਰਕਾਰ ਦੇ ਹੋਰ ਵਿਭਾਗਾਂ ਵਾਂਗ ਪੇ-ਬੈਂਡ ਲਾਗੂ ਕੀਤਾ ਜਾਵੇ, ਕਰਮਚਾਰੀਆਂ ਨੂੰ 22 ਮਹੀਨਿਆਂ ਦਾ ਮਹਿੰਗਾਈ ਭੱਤਾ ਅਤੇ ਏਰੀਅਰ ਦਿੱਤਾ ਜਾਵੇ। ਕੇਂਦਰ ਦੀ ਤਰਜ਼ 'ਤੇ ਜਨਵਰੀ 2017 ਤੋਂ ਜੁਲਾਈ 2017 ਤੱਕ ਮਹਿੰਗਾਈ ਭੱਤੇ ਦੀਆਂ ਜੋ ਕਿਸ਼ਤਾਂ ਜਾਰੀ ਨਹੀਂ ਕੀਤੀਆਂ, ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਪ੍ਰਤੀ ਗੰਭੀਰਤਾ ਨਾ ਦਿਖਾਈ ਗਈ ਤਾਂ 20 ਜੂਨ ਨੂੰ ਪਾਵਰ ਨਿਗਮ ਦੇ ਮੁੱਖ ਦਫਤਰ ਪਟਿਆਲਾ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੇ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।


Related News