ਸਕੂਲ ਬੱਸ ਦੀ ਟੱਕਰ ਨਾਲ ਕਾਰ ਚਾਲਕ ਦੀ ਮੌਤ

06/04/2018 7:25:40 AM

ਰੂਪਨਗਰ (ਵਿਜੇ) - ਰੂਪਨਗਰ-ਕੀਰਤਪੁਰ ਸਾਹਿਬ ਟੋਲ ਮਾਰਗ ਵਨ-ਵੇ ਹੋਣ ਕਾਰਨ ਪਿੰਡ ਮਲਿਕਪੁਰ ਦੇ ਨੇੜੇ ਕਾਰ ਅਤੇ ਸਕੂਲ ਬੱਸ ਵਿਚ ਸਿੱਧੀ ਟੱਕਰ ਹੋਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਟੋਲ ਪਲਾਜ਼ਾ ਕੰਪਨੀ ਕੋਲ ਕੀਰਤਪੁਰ ਸਾਹਿਬ ਤੋਂ ਲੈ ਕੇ ਕੁਰਾਲੀ ਤਕ ਸੜਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਹੈ ਅਤੇ ਇਸ ਕਾਰਨ ਉਹ ਲੋਕਾਂ ਤੋਂ ਟੋਲ ਫੀਸ ਲੈ ਰਹੀ ਹੈ। ਲੱਗਭਗ ਪਿਛਲੇ 2 ਹਫਤਿਆਂ ਤੋਂ ਕੀਰਤਪੁਰ-ਰੂਪਨਗਰ ਮਾਰਗ 'ਤੇ ਸੜਕ ਰਿਪੇਅਰ ਦਾ ਕੰਮ ਬਹੁਤ ਹੀ ਹੌਲੀ ਗਤੀ ਨਾਲ ਚੱਲ ਰਿਹਾ ਹ,ੈ ਜਿਸ ਕਾਰਨ ਟੋਲ ਪਲਾਜ਼ਾ ਅਧਿਕਾਰੀਆਂ ਨੇ ਸੜਕ ਦਾ ਇਕ ਰਸਤਾ ਬੰਦ ਕੀਤਾ ਹੋਇਆ ਹੈ ਅਤੇ ਦੂਜੇ ਰਸਤੇ ਤੋਂ ਆਉਣ-ਜਾਣ ਵਾਲੇ ਵਾਹਨ ਬੜੀ ਮੁਸ਼ਕਲ ਨਾਲ ਜਾ ਰਹੇ ਹਨ। ਅੱਜ ਅਕਾਲ ਅਕੈਡਮੀ ਬੁੱਦਲ ਭੈਣੀ ਦੀ ਇਕ ਸਕੂਲ ਬੱਸ ਜਿਸ ਵਿਚ ਲੱਗਭਗ ਦੋ ਦਰਜਨ ਛੋਟੇ ਬੱਚੇ ਸਵਾਰ ਸਨ, ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਹੀ ਸੀ ਕਿ ਦੂਜੀ ਸਾਈਡ ਤੋਂ ਸਾਹਮਣੇ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਇਸ ਟੱਕਰ 'ਚ ਕਾਰ ਚਾਲਕ ਦੀ ਮੌਤ ਹੋ ਗਈ, ਜਿਸ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਗ੍ਰੀਨ ਐਵੇਨਿਊ ਰੂਪਨਗਰ ਵਜੋਂ ਹੋਈ ਹੈ। ਮ੍ਰਿਤਕ ਯੂਕੋ ਬੈਂਕ ਨੰਗਲ ਵਿਚ ਬਤੌਰ ਮੈਨੇਜਰ ਸੀ, ਜਿਸ ਦੀ 30 ਜੂਨ ਨੂੰ ਰਿਟਾਇਰਮੈਂਟ ਹੋਣੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਬੇਟੀ ਦੇ ਘਰ 10  ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਉਹ ਆਪਣੀ ਬੇਟੀ ਦੇ ਘਰ ਸ਼ਗਨ ਦੇ ਕੇ ਪਰਤ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਇਸ ਸਬੰਧੀ ਏ. ਐੱਸ. ਆਈ. ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸਕੂਲ ਬੱਸ ਚਾਲਕ ਰਾਜਵੀਰ ਸਿੰਘ ਪੁੱਤਰ ਗੇਜ ਸਿੰਘ ਨਿਵਾਸੀ ਫਲੇਮਗੜ੍ਹ (ਸੰਗਰੂਰ) 'ਤੇ ਪਰਚਾ ਦਰਜ ਕਰ ਕੇ ਕਾਰਵਾਈ  ਆਰੰਭੀ ਗਈ ਹੈ।


Related News