ਸਾੜ-ਫੂਕ, ਬੰਬ ਧਮਾਕਿਆਂ ਤੇ ਹਿੰਸਾ ਦੇ ਪਰਛਾਵੇਂ ਹੇਠ ਹੋਈਆਂ ਬੰਗਾਲ ਦੀਆਂ ਪੰਚਾਇਤੀ ਚੋਣਾਂ

05/15/2018 6:39:38 AM

ਬੰਗਾਲ ਵਿਚ 1, 3 ਅਤੇ 5 ਮਈ ਨੂੰ ਪੰਚਾਇਤੀ ਚੋਣਾਂ ਹੋਣੀਆਂ ਸਨ ਪਰ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਲੋਂ ਵੱਡੇ ਪੱਧਰ 'ਤੇ ਹਿੰਸਾ ਕਾਰਨ ਵਿਰੋਧੀ ਪਾਰਟੀਆਂ ਨੇ ਕਲਕੱਤਾ ਹਾਈਕੋਰਟ ਦੀ ਪਨਾਹ ਲਈ, ਜਿਸ ਨੇ 23 ਅਪ੍ਰੈਲ ਨੂੰ ਨਾਮਜ਼ਦਗੀ ਸ਼ੁਰੂ ਕਰਨ ਅਤੇ 14 ਮਈ ਨੂੰ ਇਕ ਹੀ ਦਿਨ ਪੋਲਿੰਗ ਕਰਵਾਉਣ ਦੀ ਹਦਾਇਤ ਦਿੱਤੀ। ਨਾਮਜ਼ਦਗੀ ਸ਼ੁਰੂ ਹੁੰਦਿਆਂ ਹੀ ਪੂਰੇ ਸੂਬੇ ਤੋਂ ਤ੍ਰਿਣਮੂਲ ਕਾਂਗਰਸ, ਭਾਜਪਾ ਤੇ ਖੱਬੇਪੱਖੀਆਂ ਨੇ ਇਕ-ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ 'ਚ ਵੱਡੇ ਪੱਧਰ 'ਤੇ ਹਿੰਸਾ ਦੀਆਂ ਖਬਰਾਂ ਆਉਣ ਲੱਗੀਆਂ ਅਤੇ ਚੋਣਾਂ ਤੋਂ ਪਹਿਲਾਂ ਹੋਈ ਹਿੰਸਾ, ਬੰਬਾਂ ਨਾਲ ਹਮਲਿਆਂ ਅਤੇ ਸਾੜ-ਫੂਕ ਕਾਰਨ 16 ਵਿਅਕਤੀ ਮਾਰੇ ਗਏ। ਇਸ ਨੂੰ ਦੇਖਦਿਆਂ 14 ਮਈ ਨੂੰ ਵੋਟਾਂ ਵਾਲੇ ਦਿਨ ਸੂਬੇ 'ਚ ਲੱਗਭਗ 71,500 ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਨ੍ਹਾਂ ਚੋਣਾਂ 'ਚ ਲੱਗਭਗ ਇਕ ਦਰਜਨ ਜ਼ਿਲਿਆਂ 'ਚ ਵੱਡੇ ਪੱਧਰ 'ਤੇ ਹਿੰਸਾ, ਵੱਖ-ਵੱਖ ਬੰਬ ਧਮਾਕਿਆਂ ਅਤੇ ਵੱਖ-ਵੱਖ ਧੜਿਆਂ ਵਿਚਾਲੇ ਝੜਪਾਂ 'ਚ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਚੋਣ ਹਿੰਸਾ 'ਚ 5 ਪੱਤਰਕਾਰ ਵੀ ਜ਼ਖ਼ਮੀ ਹੋਏ।
ਕਈ ਥਾਵਾਂ 'ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਲੋਂ ਬੂਥ ਕੈਪਚਰਿੰਗ, ਵੋਟਰਾਂ ਨੂੰ ਧਮਕਾਉਣ, ਵੋਟਾਂ ਪਾਉਣ ਤੋਂ ਰੋਕਣ, ਬੈਲੇਟ ਪੇਪਰ ਇਧਰ-ਉਧਰ ਕਰਨ, ਵੋਟ ਪੇਟੀਆਂ ਨੂੰ ਅੱਗ ਲਾਉਣ ਅਤੇ ਉਨ੍ਹਾਂ ਵਿਚ ਪਾਣੀ ਪਾਉਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।
ਕਈ ਪੋਲਿੰਗ ਬੂਥਾਂ 'ਤੇ ਹਥਿਆਰ ਅਤੇ ਲਾਠੀਆਂ ਲੈ ਕੇ ਨਕਾਬਪੋਸ਼ਾਂ ਨੂੰ ਵੋਟਰਾਂ ਨੂੰ ਧਮਕਾਉਂਦੇ ਦੇਖਿਆ ਗਿਆ। ਕਈ ਥਾਵਾਂ 'ਤੇ ਝੜਪਾਂ ਤੋਂ ਬਾਅਦ ਪੁਲਸ ਨੇ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ।
ਉੱਤਰੀ 24 ਪਰਗਨਾ ਦੇ ਪਾਂਚਪੋਟਾ 'ਚ ਬੰਬ ਧਮਾਕੇ ਵਿਚ ਇਕ ਮਾਕਪਾ ਵਰਕਰ ਦੀ ਮੌਤ ਹੋ ਗਈ, ਅਮਡੰਗਾ ਦੇ ਕੁਲਤਾਲੀ 'ਚ ਤ੍ਰਿਣਮੂਲ ਕਾਂਗਰਸ ਅਤੇ ਮੁਰਸ਼ਿਦਾਬਾਦ 'ਚ ਭਾਜਪਾ ਵਰਕਰ ਮਾਰੇ ਗਏ। ਨਾਦੀਆ ਜ਼ਿਲੇ 'ਚ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਇਕ ਵਿਦਿਆਰਥੀ ਨੇ 2 ਹੋਰ ਵਰਕਰਾਂ ਨਾਲ ਮਿਲ ਕੇ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਮਮਤਾ ਸਰਕਾਰ 'ਚ ਮੰਤਰੀ ਰਵਿੰਦਰ ਨਾਥ ਘੋਸ਼ ਨੇ ਇਕ ਭਾਜਪਾ ਸਮਰਥਕ ਨੂੰ ਥੱਪੜ ਮਾਰ ਦਿੱਤਾ, ਜਦਕਿ ਇਕ ਭਾਜਪਾ ਉਮੀਦਵਾਰ 'ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਚਾਕੂ ਨਾਲ ਹਮਲਾ ਕਰ ਕੇ ਅਤੇ ਇਕ ਭਾਜਪਾ ਵਰਕਰ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕੀਤਾ ਸੀ। ਕੁਝ ਥਾਵਾਂ 'ਤੇ ਮੀਡੀਆ ਵਾਲਿਆਂ 'ਤੇ ਹਮਲੇ ਕੀਤੇ ਗਏ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਕੈਮਰੇ ਵੀ ਤੋੜ ਦਿੱਤੇ ਗਏ।
ਮਿਦਨਾਪੁਰ ਤੇ ਨਾਦੀਆ ਜ਼ਿਲਿਆਂ 'ਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਪੋਲਿੰਗ 'ਚ ਰੁਕਾਵਟ ਪਾਈ। ਮੁਰਸ਼ਿਦਾਬਾਦ 'ਚ ਭਾਜਪਾ ਅਤੇ ਤ੍ਰਿਣਮੂਲ ਵਰਕਰਾਂ ਦੇ ਵਿਵਾਦ 'ਚ ਬੈਲੇਟ ਪੇਪਰ ਤਲਾਬ 'ਚ ਸੁੱਟ ਦਿੱਤੇ ਗਏ।
ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਹਿੰਸਾ ਦੇ ਨਵੇਂ ਰਿਕਾਰਡ ਕਾਇਮ ਹੋਏ ਹਨ ਅਤੇ ਤ੍ਰਿਣਮੂਲ ਕਾਂਗਰਸ ਦੇ ਕਥਿਤ 'ਬਾਹੂਬਲੀਆਂ' ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਹੀ ਦਾਖਲ ਨਹੀਂ ਕਰਨ ਦਿੱਤੇ।
ਇਹ ਵੀ ਜ਼ਿਕਰਯੋਗ ਹੈ ਕਿ 14 ਮਈ ਨੂੰ ਪਈਆਂ ਵੋਟਾਂ ਤੋਂ ਪਹਿਲਾਂ ਕੁਲ 58,692 ਸੀਟਾਂ 'ਚੋਂ 20,076 ਭਾਵ 34.4 ਫੀਸਦੀ ਤੋਂ ਵੱਧ ਸੀਟਾਂ 'ਤੇ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਬਿਨਾਂ ਵਿਰੋਧ ਦੇ ਚੁਣ ਲਏ ਗਏ, ਜੋ ਇਕ ਰਿਕਾਰਡ ਹੈ।
ਇਸੇ ਕਾਰਨ ਤ੍ਰਿਣਮੂਲ ਕਾਂਗਰਸ ਦੇ ਨਾਲ ਹੀ ਭਾਜਪਾ, ਮਾਕਪਾ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ 'ਚ ਖਾਸ ਕਰਕੇ ਦਿਹਾਤੀ ਹਲਕਿਆਂ 'ਚ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਕਿਉਂਕਿ ਬੰਗਾਲ 'ਚ ਦਿਹਾਤੀ ਹਲਕਿਆਂ ਦੀਆਂ ਸੀਟਾਂ ਨੂੰ ਹੀ ਸੱਤਾ ਦੀ ਚਾਬੀ ਮੰਨਿਆ ਜਾਂਦਾ ਹੈ, ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸ਼ਕਤੀ ਪ੍ਰੀਖਣ ਦੇ ਪੈਮਾਨੇ ਵਜੋਂ ਦੇਖ ਰਹੀਆਂ ਹਨ।
ਇਨ੍ਹਾਂ ਚੋਣਾਂ ਦਾ ਨਤੀਜਾ ਤਾਂ ਚਾਹੇ ਜੋ ਵੀ ਹੋਵੇ, ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਪੋਲਿੰਗ ਮੁਕੰਮਲ ਹੋਣ ਤਕ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਤੋਂ ਸਪੱਸ਼ਟ ਹੈ ਕਿ ਚੋਣਾਂ 'ਚ ਹਿੰਸਾ ਅਤੇ ਤਾਕਤ ਦੀ ਵਰਤੋਂ ਦਾ ਰੁਝਾਨ ਕਿਸ ਹੱਦ ਤਕ ਵਧਦਾ ਜਾ ਰਿਹਾ ਹੈ। ਇਹ ਦੋਵੇਂ ਬੁਰਾਈਆਂ ਚੋਣਾਂ ਦੇ ਲਗਾਤਾਰ ਵਿਗੜ ਰਹੇ ਸਰੂਪ, ਸਾਰੀਆਂ ਮੁਕਾਬਲੇਬਾਜ਼ ਪਾਰਟੀਆਂ 'ਚ ਵਧ ਰਹੀ ਸੱਤਾ ਦੀ ਲਾਲਸਾ ਅਤੇ ਸਿਧਾਂਤਹੀਣਤਾ ਵੱਲ ਹੀ ਇਸ਼ਾਰਾ ਕਰਦੀਆਂ ਹਨ, ਜਿਸ ਨੂੰ ਕਿਸੇ ਵੀ ਰੂਪ 'ਚ ਜਾਇਜ਼ ਨਹੀਂ ਕਿਹਾ ਜਾ ਸਕਦਾ। 
—ਵਿਜੇ ਕੁਮਾਰ


Vijay Kumar Chopra

Chief Editor

Related News