20 ਸਾਲਾ ਲੜਕੇ ਨੇ ਕੀਤਾ ਆਪਣੇ ਦਾਦਾ-ਦਾਦੀ ''ਤੇ ਹਮਲਾ, ਇਕ ਦੀ ਮੌਤ

Sunday, Jun 03, 2018 - 11:44 AM (IST)

20 ਸਾਲਾ ਲੜਕੇ ਨੇ ਕੀਤਾ ਆਪਣੇ ਦਾਦਾ-ਦਾਦੀ ''ਤੇ ਹਮਲਾ, ਇਕ ਦੀ ਮੌਤ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਦੂਰ ਦੱਖਣੀ ਤੱਟ 'ਤੇ ਸ਼ੁੱਕਰਵਾਰ ਨੂੰ 20 ਸਾਲਾ ਡੇਕਿਨ ਨੇ ਆਪਣੇ ਦਾਦਾ-ਦਾਦੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਦੀ ਦਾਦੀ ਦੀ ਮੌਤ ਹੋ ਗਈ ਜਦਕਿ ਦਾਦਾ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੋਸ਼ ਵਿਚ ਡੇਕਿਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। 
20 ਸਾਲਾ ਮੁਰੇ ਡੇਕਿਨ 'ਤੇ ਦੋਸ਼ ਲੱਗੇ ਹਨ ਕਿ ਉਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਕਾਰ ਚੋਰੀ ਕਰਨ ਤੋਂ ਪਹਿਲਾਂ ਬੇਗਾ ਘਰ ਵਿਚ ਰਹਿੰਦੇ ਜੋੜੇ 'ਤੇ ਹਮਲਾ ਕੀਤਾ। ਇਸ ਦੇ ਇਲਾਵਾ ਉਸ ਨੇ ਕਾਰ ਦੇ 55 ਸਾਲਾ ਡਰਾਈਵਰ 'ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਉੱਥੇ ਛੱਡ ਕੇ ਚਲਾ ਗਿਆ। ਡੇਕਿਨ ਦੇ 71 ਸਾਲਾ ਦਾਦਾ ਜੀ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ। ਬਾਹਰ ਸੜਕ 'ਤੇ ਪਹੁੰਚ ਕੇ ਉਨ੍ਹਾਂ ਨੇ ਉੱਥੋਂ ਲੰਘ ਰਹੇ ਇਕ ਡਰਾਈਵਰ ਤੋਂ ਮਦਦ ਮੰਗੀ। ਉਨ੍ਹਾਂ ਨੂੰ ਤੁਰੰਤ ਕੈਨਬਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਹਾਲਾਂਕਿ ਉਨ੍ਹਾਂ ਦੀ 69 ਸਾਲਾ ਪਤਨੀ ਨੂੰ ਜ਼ਖਮੀ ਹਾਲਤ ਵਿਚ ਦੱਖਣੀ-ਪੂਰਬੀ ਖੇਤਰੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਡੇਕਿਨ ਨੂੰ ਹੱਤਿਆ ਦੇ ਇਕ ਮਾਮਲੇ ਅਤੇ ਦੋ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਡੇਕਿਨ ਨੂੰ ਬੇ ਸਥਾਨਕ ਅਦਾਲਤ ਨੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਕੱਲ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਵੇਗੀ।


Related News