ਐਮਾਜ਼ੋਨ 'ਤੇ ਇਹ ਗਲਤੀ ਪਵੇਗੀ ਮਹਿੰਗੀ, ਸ਼ਾਪਿੰਗ 'ਤੇ ਲੱਗ ਜਾਏਗੀ ਰੋਕ!

05/25/2018 1:18:10 PM

ਨਵੀਂ ਦਿੱਲੀ— ਜੇਕਰ ਤੁਹਾਨੂੰ ਸਾਮਾਨ ਖਰੀਦ ਕੇ ਉਸ ਨੂੰ ਵਾਰ-ਵਾਰ ਵਾਪਸ ਕਰਨ ਦੀ ਆਦਤ ਹੈ, ਤਾਂ ਇਹ ਗਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਦੁਨੀਆ ਭਰ ਦੀਆਂ ਵੱਡੀਆਂ-ਵੱਡੀਆਂ ਈ-ਕਾਮਰਸ ਸਾਈਟਾਂ ਨੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਆਫਰਜ਼ ਦਿੱਤੇ ਹਨ। ਐਮਾਜ਼ੋਨ ਦਾ 'ਬਿਨਾਂ ਕਿਸੇ ਸਵਾਲ ਦੇ 30 ਦਿਨ ਅੰਦਰ ਸਾਮਾਨ ਵਾਪਸ ਕਰਨਾ' ਵੀ ਇਸੇ 'ਚ ਇਕ ਹੈ, ਜਿਸ ਦਾ ਫਾਇਦਾ ਗਾਹਕ ਜਮ ਕੇ ਉਠਾਉਂਦੇ ਹਨ। ਇਸ ਦੇ ਮੱਦੇਨਜ਼ਰ ਕਈ ਵਾਰ ਐਮਾਜ਼ੋਨ ਦਾ ਸਾਮਾਨ ਸਪਲਾਈ ਕਰਨ ਵਾਲੀ ਕੰਪਨੀ, ਵਿਕਰੇਤਾ ਅਤੇ ਸਾਮਾਨ ਬਣਾਉਣ ਵਾਲਿਆਂ ਨਾਲ ਗਾਹਕਾਂ ਦੀ ਬਹਿਸ ਵੀ ਹੋਈ ਪਰ ਹੁਣ ਐਮਾਜ਼ੋਨ ਨੇ ਵਾਰ-ਵਾਰ ਸਾਮਾਨ ਵਾਪਸ ਕਰਨ ਵਾਲੇ ਲੋਕਾਂ ਨਾਲ ਨਜਿੱਠਣ ਲਈ ਇਕ ਰਸਤਾ ਅਪਣਾ ਲਿਆ ਹੈ। ਖਬਰਾਂ ਮੁਤਾਬਕ ਐਮਾਜ਼ੋਨ ਯੂ. ਐੱਸ. ਨੇ ਅਜਿਹੇ ਗਾਹਕਾਂ ਨੂੰ ਬੈਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਬਹੁਤ ਵਾਰ ਸਾਮਾਨ ਵਾਪਸ ਕਰ ਦਿੰਦੇ ਹਨ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਕਿੰਨੀ ਵਾਰ ਪ੍ਰਾਡਕਟ ਵਾਪਸ ਕਰਨ 'ਤੇ ਗਾਹਕ ਨੂੰ ਬੈਨ ਕੀਤਾ ਜਾਵੇਗਾ।

ਸੋਸ਼ਲ ਮੀਡੀਆ 'ਤੇ ਗਾਹਕਾਂ ਨੇ ਇਸ ਨਾਲ ਜੁੜੇ ਆਪਣੇ ਕਿੱਸੇ ਦੱਸੇ ਹਨ ਅਤੇ ਐਮਾਜ਼ੋਨ ਕੋਲੋਂ ਸਫਾਈ ਮੰਗੀ ਹੈ। ਇਕ ਸ਼ਖਸ ਨੇ ਦੱਸਿਆ ਕਿ ਉਸ ਨੇ ਆਪਣੇ ਅਕਾਊਂਟ ਤੋਂ ਕੁੱਲ 550 ਉਤਪਾਦ ਖਰੀਦੇ ਜਿਨ੍ਹਾਂ 'ਚੋਂ ਸਿਰਫ 43 ਨੂੰ ਉਸ ਨੇ ਵਾਪਸ ਕੀਤਾ ਸੀ। ਬਾਵਜੂਦ ਇਸ ਦੇ ਉਸ ਨੂੰ ਬੈਨ ਕਰ ਦਿੱਤਾ ਗਿਆ। ਇਸ ਸ਼ਖਸ ਨੂੰ 2015 'ਚ ਬਲਾਕ ਕੀਤਾ ਗਿਆ ਸੀ, ਜੋ ਹੁਣ ਤਕ ਲਾਗੂ ਦੱਸਿਆ ਜਾ ਰਿਹਾ ਹੈ।


ਇਕ ਮਹਿਲਾ ਨੇ ਕਥਿਤ ਤੌਰ 'ਤੇ ਐਮਾਜ਼ੋਨ ਵੱਲੋਂ ਭੇਜਿਆ ਗਿਆ ਇਕ ਪੱਤਰ ਵੀ ਪੋਸਟ ਕੀਤਾ, ਜਿਸ 'ਚ ਲਿਖਿਆ ਸੀ ਕਿ ਉਨ੍ਹਾਂ ਨੇ ਪਿਛਲੇ 12 ਮਹੀਨਿਆਂ 'ਚ ਬਹੁਤ ਸਾਰੇ ਸਾਮਾਨ ਵਾਪਸ ਕੀਤੇ ਹਨ। ਹਾਲਾਂਕਿ ਮਹਿਲਾ ਨੇ ਆਪਣੀ ਸਫਾਈ 'ਚ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਸਮੇਂ 'ਤੇ ਕੁੱਲ 50 ਉਤਪਾਦ ਖਰੀਦੇ ਜਿਨ੍ਹਾਂ 'ਚੋਂ ਸਿਰਫ 6 ਨੂੰ ਵਾਪਸ ਕੀਤਾ ਸੀ। ਗਾਹਕਾਂ ਨੂੰ ਇਸ ਗੱਲ ਦੀ ਪ੍ਰੇਸ਼ਾਨੀ ਹੈ ਕਿ ਐਮਾਜ਼ੋਨ ਇਸ ਨਾਲ ਜੁੜੀ ਕੋਈ ਚਿਤਾਵਨੀ ਨਹੀਂ ਦਿੰਦਾ ਸਗੋਂ ਸਿੱਧਾ ਬਲਾਕ ਕਰ ਦਿੰਦਾ ਹੈ।

 


Related News