ਸ਼ਬਾਬ ਤੇ ਸ਼ਰਾਬ ਸ਼ਰੇਆਮ ਵਿਕਦੇ, ਛਾਪਾ ਮਾਰ ਲਓ ਪੁਲਸੀਓ ਜਾ ਕੇ...
Wednesday, May 23, 2018 - 05:17 AM (IST)
ਦੋਰਾਹਾ ਇਲਾਕੇ ਦੇ ਕੁਝ ਹੋਟਲਾਂ-ਢਾਬਿਆਂ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਤੇ ਜੂਆ ਚੱਲ ਰਹੇ ਨੇ ਸ਼ਰੇਆਮ
ਦੋਰਾਹਾ(ਗੁਰਮੀਤ ਕੌਰ)-ਦੋਰਾਹਾ ਇਲਾਕੇ 'ਚ ਇਨ੍ਹੀਂ ਦਿਨੀਂ ਕੁਝ ਕੁ ਹੋਟਲਾਂ-ਢਾਬਿਆਂ 'ਚ ਨਾਜਾਇਜ਼ ਸ਼ਰਾਬ, ਜੂਆ ਅਤੇ ਦੇਹ ਵਪਾਰ ਦਾ ਧੰਦਾ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੇ ਖਾਣਾ ਖਾਣ ਵਾਲੇ ਗਾਹਕਾਂ ਦੀ ਗਿਣਤੀ ਨਾ-ਮਾਤਰ ਹੋਣ ਦੇ ਬਾਵਜੂਦ ਵੀ ਹੋਟਲਾਂ ਵਾਲੇ ਮੋਟੀ ਕਮਾਈ ਕਰ ਰਹੇ ਹਨ, ਜਿਸਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਹੋਟਲਾਂ-ਢਾਬਿਆਂ 'ਚ ਕਮਾਈ ਦਾ ਸਾਧਨ ਇੱਥੇ ਚੱਲ ਰਹੇ ਸ਼ਾਇਦ ਨਾਜਾਇਜ਼ ਧੰਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ਰਾਬ ਦੇ ਠੇਕਿਆਂ ਅਤੇ ਪਿਆਕੜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਜਿਸ 'ਚ ਇਨ੍ਹਾਂ ਨੂੰ ਚਲਾਉਣ ਵਾਲੇ ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਪਹਿਲੇ ਨੰਬਰ 'ਤੇ ਕਰਨ ਦੇ ਨਾਲ-ਨਾਲ ਜੂਆ ਅਤੇ ਦੇਹ ਵਪਾਰ ਦੇ ਧੰਦੇ ਨੂੰ ਵੀ ਨਾਜਾਇਜ਼ ਤੌਰ 'ਤੇ ਚਲਾ ਰਹੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਇਲਾਕੇ ਦੇ ਕਈ ਹੋਟਲਾਂ 'ਤੇ ਬਾਹਰੋਂ ਵਿਅਕਤੀ ਆ ਕੇ ਮੋਟਾ ਜੂਆ ਖੇਡਦੇ ਹਨ, ਜੋ ਕਿ ਹੋਟਲਾਂ ਦੀ ਕਮਾਈ ਦਾ ਮੁੱਖ ਸਾਧਨ ਬਣੇ ਹੋਏ ਜਾਪ ਰਹੇ ਹਨ। ਹੋਰ ਤਾਂ ਹੋਰ ਕਈ ਇਹ ਹੋਟਲਾਂ ਵਾਲੇ ਸਿਆਸੀ ਸ਼ਹਿ 'ਤੇ ਨਾਜਾਇਜ਼ ਧੰਦਿਆਂ ਰਾਹੀਂ ਕਾਰੋਬਾਰ ਚਲਾ ਰਹੇ ਹਨ । ਇਲਾਕੇ 'ਚ ਅਜਿਹੀਆਂ ਥਾਵਾਂ 'ਤੇ ਚੱਲ ਰਹੇ ਜੂਆ, ਨਾਜਾਇਜ਼ ਸ਼ਰਾਬ ਅਤੇ ਦੇਹ ਵਪਾਰ ਵਰਗੇ ਨਾਜਾਇਜ਼ ਧੰਦੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਹੋਟਲਾਂ ਵਾਲਿਆਂ ਵੱਲੋਂ ਕਿੱਟੀ ਪਾਰਟੀਆਂ ਦੇ ਨਾਮ 'ਤੇ ਕਮਰੇ ਬਣਾ ਕੇ ਦੇਹ ਵਪਾਰ ਦਾ ਧੰਦਾ ਵੀ ਚਲਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੇ ਡਰ-ਭੈਅ ਤੋਂ ਬੇਖੌਫ ਹੋਏ ਅਜਿਹੇ ਲੋਕ ਸ਼ਰੇਆਮ ਨਾਜਾਇਜ਼ ਧੰਦਿਆਂ ਨੂੰ ਹੋਟਲਾਂ ਅਤੇ ਵੈਸ਼ਨੂੰ ਢਾਬਿਆਂ ਦੀ ਆੜ ਹੇਠ ਅੰਜਾਮ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਲੁੱਟਾਂ-ਖੋਹਾਂ, ਕਤਲੋਗਾਰਤ ਵਰਗੀਆਂ ਘਟਨਾਵਾਂ ਅਕਸਰ ਨਾਜਾਇਜ਼ ਧੰਦਿਆਂ ਦੇ ਕਾਰਨ ਵੀ ਵਾਪਰ ਜਾਂਦੀਆਂ ਹਨ, ਸੋ ਅਜਿਹੇ ਆਲਮ 'ਚ ਇਲਾਕੇ 'ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਅਤੇ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਸਮੇਂ-ਸਮੇਂ 'ਤੇ ਹੋਟਲਾਂ-ਢਾਬਿਆਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਇੱਥੇ ਚੱਲ ਰਹੇ ਨਾਜਾਇਜ਼ ਧੰਦਿਆਂ ਦੇ ਕਾਰੋਬਾਰ 'ਤੇ ਨਕੇਲ ਕੱਸੀ ਜਾ ਸਕੇ ਅਤੇ ਨਾਜਾਇਜ਼ ਧੰਦਿਆਂ ਰਾਹੀਂ ਮੋਟੀ ਨਾਜਾਇਜ਼ ਕਮਾਈ ਕਰਨ ਵਾਲੇ ਹੋਟਲਾਂ-ਢਾਬਿਆਂ ਵਾਲੇ ਕਾਬੂ ਹੇਠ ਆ ਸਕਣ। ਹੁਣ ਦੇਖਣਾ ਇਹ ਹੈ ਕਿ ਕੀ ਪ੍ਰਸ਼ਾਸਨ ਨਾਜਾਇਜ਼ ਧੰਦਿਆਂ ਦਾ ਕਾਰੋਬਾਰ ਬੰਦ ਕਰਨ ਲਈ ਇਨ੍ਹਾਂ ਦੀ ਚੈਕਿੰਗ ਕਰੇਗਾ ਜਾਂ ਨਾਜਾਇਜ਼ ਧੰਦਿਆਂ ਤੋਂ ਕਮਾਈ ਦਾ ਕਾਰੋਬਾਰ ਇਸੇ ਤਰ੍ਹਾਂ ਜਾਰੀ ਰਹੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
