ਤਬਾਹੀ ਵੇਖ ਦੂਜੇ ਦਿਨ ਵੀ ਵਿਲਕੇ ਉਜੜੇ ਪਰਿਵਾਰ

05/25/2018 8:21:39 AM

ਨੂਰਪੁਰਬੇਦੀ (ਭੰਡਾਰੀ) - ਸੁਆਹ ਹੋਈਆਂ ਪ੍ਰਵਾਸੀ ਮਜ਼ਦੂਰਾਂ ਦੀਆਂ 300 ਤੋਂ ਵੱਧ ਝੁੱਗੀਆਂ ’ਚ ਰਹਿ ਰਹੇ ਪੀਡ਼ਤ ਪਰਿਵਾਰਾਂ ਦੇ ਜੀਆਂ ਦੀ ਸਹਾਇਤਾ ਲਈ ਇਲਾਕਾ ਨੂਰਪੁਰਬੇਦੀ ਦੇ ਲੋਕ ਦਿਲ ਖੋਲ੍ਹ ਕੇ ਸਹਾਇਤਾ ਲਈ ਅੱਗੇ ਆਏ। ਅਗਜ਼ਨੀ ਦੀ ਘਟਨਾ ਤੋਂ ਬਾਅਦ ਦੇਰ ਰਾਤ ਤੇ ਅੱਜ ਦੁਪਹਿਰ ਤੱਕ ਵੱਖ-ਵੱਖ ਪਿੰਡਾਂ ਤੋਂ ਅਨਾਜ, ਲੰਗਰ ਤੇ ਕੱਪਡ਼ਿਆਂ ਨਾਲ ਲੱਦੀਆਂ ਦਰਜਨਾਂ ਟਰਾਲੀਆਂ ਪਹੁੰਚੀਆਂ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮਾਜ ਸੇਵੀ ਸੰਗਠਨਾਂ ਦੀ ਸਹਾਇਤਾ ਨਾਲ ਪੀਡ਼ਤ ਪਰਿਵਾਰਾਂ ’ਚ ਕੱਪਡ਼ੇ ਵੰਡ ਕੇ ਉਨ੍ਹਾਂ ਨੂੰ ਫੌਰੀ ਰਾਹਤ ਪ੍ਰਦਾਨ ਕੀਤੀ। ਰਾਤ ਸਮੇਂ ਉਕਤ ਪਰਿਵਾਰਾਂ ਲਈ ਸਥਾਨਕ ਸੰਮਤੀ ਰੈਸਟ ਹਾਊਸ ਦੇ ਨਾਲ ਲੱਗਦੇ ਕਮਿਊਨਿਟੀ ਹਾਲ ਤੇ ਨੂਰਪੁਰਬੇਦੀ ਥਾਣੇ ’ਚ ਸਥਿਤ ਲੰਗਰ ਹਾਲ ’ਚ ਰਹਿਣ ਦੀ ਵਿਵਸਥਾ ਕੀਤੀ ਗਈ, ਜਦਕਿ ਪੀਰ ਬਾਬਾ ਜ਼ਿੰਦਾ ਸ਼ਹੀਦ ਸੋਸਾਇਟੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਲੱਗ-ਅਲੱਗ ਲੰਗਰ ਲਾ ਕੇ ਪ੍ਰਭਾਵਿਤ ਪਰਿਵਾਰਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। 
ਉਧਰ, ਜ਼ਿਲਾ ਪੁਲਸ ਮੁਖੀ ਰੂਪਨਗਰ ਰਾਜਬਚਨ ਸਿੰਘ ਸੰਧੂ ਨੇ ਦੇਰ ਰਾਤ ਪੁਲਸ ਪਾਰਟੀ ਨਾਲ ਪੀਰ ਬਾਬਾ ਜ਼ਿੰਦਾ ਸ਼ਹੀਦ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਲੰਗਰ ਤੇ ਪੀਡ਼ਤ  ਪਰਿਵਾਰਾਂ ਦੇ ਰਹਿਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
  ਸਮਾਜਿਕ ਸੰਗਠਨਾਂ ਨੇ ਸਡ਼ਕ ’ਤੇ ਬੈਠ ਕੇ ਪੀਡ਼ਤਾਂ ਲਈ ਸਹਾਇਤਾ ਰਾਸ਼ੀ ਕੀਤੀ ਇਕੱਠੀ
ਇਲਾਕੇ ਦੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ, ਭਾਜਪਾ ਆਗੂ ਵਿਜੇ ਪੁਰੀ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਾ. ਜਗਨ ਨਾਥ ਭੰਡਾਰੀ, ਅਸ਼ਵਨੀ ਸ਼ਰਮਾ, ਬਲਾਕ ਕਾਂਗਰਸ ਪ੍ਰਧਾਨ ਦੇਸਰਾਜ ਸੈਣੀ, ਮਾ. ਰਾਮ ਸਿੰਘ, ਪੰ. ਰਾਮ ਤੀਰਥ ਜੇਤੇਵਾਲ, ਡਾ. ਦਵਿੰਦਰ ਬਜਾਡ਼, ਸੰਜੀਵ ਲੋਟੀਆ, ਰਾਮ ਪ੍ਰਸ਼ਾਦ ਪਾਲੀ, ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ, ਅਜੇ ਪੁਰੀ, ਅਸ਼ਵਨੀ ਚੱਢਾ, ਕਾਮਰੇਡ ਮੋਹਨ ਸਿੰਘ ਧਮਾਣਾ ਆਦਿ ਨੇ ਸਡ਼ਕ ’ਤੇ ਟੋਕਰਾ ਰੱਖ ਕੇ ਲੋਕਾਂ ਤੋਂ ਮਾਲੀ ਸਹਾਇਤਾ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਜਿਸ ਕਿਸੇ ਵੀ ਦਾਨੀ ਸੱਜਣ ਤੋਂ ਜੋ ਵੀ ਰਾਸ਼ੀ, ਭਾਂਡੇ, ਕੱਪਡ਼ੇ ਤੇ ਹੋਰ ਸਮੱਗਰੀ ਹਾਸਲ ਹੋਵੇਗੀ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਪੀਡ਼ਤ ਪਰਿਵਾਰਾਂ ’ਚ ਵੰਡੀ ਜਾਵੇਗੀ ਤੇ ਉਨ੍ਹਾਂ ਦਾ ਰਹਿਣ ਬਸੇਰਾ ਬਣਾਉਣ ’ਚ ਸਹਾਇਤਾ ਕੀਤੀ ਜਾਵੇਗੀ। 


Related News