ਦਾਤਾਰਪੁਰ, ਰੱਕੜੀ ਤੇ ਜੁਗਿਆਲ ਦੇ ਜੰਗਲਾਂ ''ਚ ਲੱਗੀ ਅੱਗ

Thursday, May 24, 2018 - 12:56 AM (IST)

ਦਾਤਾਰਪੁਰ, (ਡੀ. ਸੀ.)- ਅੱਜ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਜੰਗਲਾਂ ਵਿਚ ਲੱਗੀ ਅੱਗ 'ਚੋਂ ਉੱਠਦੀਆਂ ਲਾਟਾਂ ਦੇਖ ਕੇ ਇਲਾਕਾ ਵਾਸੀਆਂ ਵਿਚ ਸਾਰਾ ਦਿਨ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਿਹਾ। ਅੱਗ ਲੱਗਣ ਕਾਰਨ ਵਣ ਸੰਪਤੀ ਤਾਂ ਸੜ ਕੇ ਸੁਆਹ ਹੋਈ ਹੀ, ਨਾਲ ਹੀ ਲਿਫਟ ਸਿੰਜਾਈ ਯੋਜਨਾ ਅਧੀਨ ਲੋਕਾਂ ਦੇ ਖੇਤਾਂ 'ਚ ਵਿਛਾਈਆਂ ਰਬੜ ਦੀਆਂ ਪਾਈਪਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।  
ਪ੍ਰਾਪਤ ਜਾਣਕਾਰੀ ਅਨੁਸਾਰ ਦਾਤਾਰਪੁਰ ਦੇ ਨਾਲ ਲੱਗਦੇ ਇਲਾਕੇ ਦੇਪੁਰ ਦੇ ਪ੍ਰਾਈਵੇਟ ਜੰਗਲਾਂ ਅਤੇ ਖੇਤਾਂ ਵਿਚ ਲੱਗੀ ਅੱਗ ਨੇ ਕਾਫੀ ਕਹਿਰ ਵਰ੍ਹਾਇਆ ਹੈ। ਅੱਗ ਨੇ ਕਾਫੀ ਵਣ ਸੰਪਤੀ, ਖੇਤਾਂ ਦੀਆਂ ਵਾੜਾਂ ਅਤੇ ਸਿੰਜਾਈ ਲਈ ਵਿਛਾਈਆਂ ਪਾਈਪਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸੇ ਤਰ੍ਹਾਂ ਦਾਤਾਰਪੁਰ ਨੇੜਲੇ  ਮੁਹੱਲਾ ਨਗਰ ਦੇ ਅੱਗੇ ਪ੍ਰਾਈਵੇਟ ਜੰਗਲ ਵੀ ਅੱਜ ਸਾਰਾ ਦਿਨ ਅੱਗ ਨਾਲ ਧੂ-ਧੂ ਕਰ ਕੇ ਸੜਦੇ ਰਹੇ। 
ਤਲਵਾੜਾ ਨੇੜਲੇ ਪਿੰਡ ਨਗਰ ਦੇ ਬਾਹਰੀ ਖੇਤਰਾਂ ਵਿਚ ਵੀ ਲੱਗੀ ਅੱਗ 'ਤੇ ਲੋਕਾਂ ਨੇ ਬੀ. ਬੀ. ਐੱਮ. ਬੀ. ਦੇ ਫਾਇਰ ਕਰਮਚਾਰੀਆਂ ਰਾਜ ਕੁਮਾਰ, ਕਰਨੈਲ, ਨਵੀਨ ਅਤੇ ਦੇਵੇਂਦਰ ਸਿੰਘ ਦੇ ਸਹਿਯੋਗ ਨਾਲ ਕਾਬੂ ਪਾਇਆ। ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਨਾਲ ਅੱਜ ਪੂਰਾ ਖੇਤਰ ਕਾਲੇ ਧੂੰਏਂ ਨਾਲ ਘਿਰਿਆ ਰਿਹਾ। ਅੱਜ ਦੀਆਂ ਉਕਤ ਘਟਨਾਵਾਂ ਨਾਲ ਲੋਕ ਸਾਰਾ ਦਿਨ ਡਰੇ ਤੇ ਸਹਿਮੇ ਰਹੇ।
ਓਧਰ ਤਲਵਾੜਾ ਖੇਤਰ ਵਿਚ ਭਾਰੀ ਅੱਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੇਪੁਰ ਆਦਿ ਖੇਤਰਾਂ ਵਿਚ ਲੱਗੀ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਸੀ ਕਿ ਹੁਣ ਪਿੰਡ ਰੱਕੜੀ ਭਡਿਆਰਾਂ ਵਿਚਕਾਰ ਪ੍ਰਾਈਵੇਟ ਜੰਗਲਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ।
ਸੂਚਨਾ ਮਿਲਦੇ ਹੀ ਵਣ ਰੇਂਜ ਤਲਵਾੜਾ ਤੋਂ ਅਧਿਕਾਰੀ ਦਲਜੀਤ ਸਿੰਘ  ਵਣ ਰੱਖਿਅਕ ਯਸ਼ਪਾਲ ਸਿੰਘ, ਮੰਗਲ ਸਿੰਘ, ਪਵਨ ਕੁਮਾਰ ਅਤੇ ਸਹਾਇਕ ਬਲਵੀਰ ਰੱਕੜੀ, ਰਾਮ ਕੁਮਾਰ, ਰਣਜੀਤ, ਸ਼ਮਸ਼ੇਰ ਆਦਿ ਨਾਲ ਪਾਣੀ ਦੇ ਟੈਂਕਰ ਅਤੇ ਦਸੂਹਾ ਤੋਂ ਵਣ ਵਿਭਾਗ ਦੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਅੱਗ ਲੱਗੇ ਜੰਗਲ ਵਿਚ ਪਹੁੰਚ ਗਏ।
ਇਲਾਕਾ ਵਾਸੀਆਂ ਨੇ ਵੀ ਵਣ ਵਿÎਭਾਗ ਦੇ ਕਰਮਚਾਰੀਆਂ ਨੂੰ ਭਰਪੂਰ ਸਹਿਯੋਗ ਦਿੱਤਾ। ਇਸ ਇਲਾਕੇ ਵਿਚ ਅੱਗ ਐੱਸ. ਸੀ. ਆਬਾਦੀ ਦੇ ਘਰਾਂ ਤਕ ਪਹੁੰਚ ਚੁੱਕੀ ਸੀ ਪਰ ਵਣ ਵਿਭਾਗ ਦੇ ਸਹਿਯੋਗ ਨਾਲ ਇਸ 'ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਪਿੰਡ ਜੁਗਿਆਲ ਦੇ ਪ੍ਰਾਈਵੇਟ ਖੇਤਰ ਵਿਚ ਵੀ ਬਾਅਦ ਦੁਪਹਿਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।


Related News