ਅਖਨੂਰ ਬਾਰਡਰ ’ਤੇ ਵੰਡੀ ਸ਼ਿਆਮ ਸਮਾਜ ਸੇਵਾ ਆਸ਼ਰਮ ਸਮਾਣਾ ਵੱਲੋਂ ਭੇਟ ਕੀਤੀ ਗਈ ‘674ਵੇਂ ਟਰੱਕ ਦੀ ਸਮੱਗਰੀ’
Saturday, Jul 09, 2022 - 12:44 PM (IST)

ਜਲੰਧਰ (ਵਰਿੰਦਰ ਸ਼ਰਮਾ) : ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਸਿਲਸਿਲੇ ਵਿਚ ਬੀਤੇ ਦਿਨ 674ਵੇਂ ਟਰੱਕ ਦੀ ਰਾਹਤ ਸਮੱਗਰੀ ਅਖਨੂਰ (ਜੰਮੂ-ਕਸ਼ਮੀਰ) ਦੇ ਸਰਹੱਦੀ ਲੋਕਾਂ ਨੂੰ ਬੀ. ਐੱਸ. ਐੱਫ. ਦੇ ਕਮਾਂਡੈਂਟ ਕਰਨੈਲ ਸਿੰਘ ਦੀ ਧਰਮਪਤਨੀ ਸੁਮਨ ਰਾਣੀ ਦੀ ਪ੍ਰਧਾਨਗੀ ’ਚ ਸੰਪੰਨ ਸਮਾਗਮ ਵਿਚ ਭੇਟ ਕੀਤੀ ਗਈ ਜੋ ਸਮਾਣਾ ਦੇ ਸ਼ਿਆਮ ਸਮਾਜ ਸੇਵਾ ਆਸ਼ਰਮ ਵੱਲੋਂ ਭਿਜਵਾਈ ਗਈ ਸੀ। ਇਸ ਵਿਚ ਲੋੜਵੰਦ 300 ਪਰਿਵਾਰਾਂ ਲਈ ਰਾਸ਼ਨ ਤੇ ਕੰਬਲ ਸਨ।
ਇਸ ਮੌਕੇ ’ਤੇ ਆਸ਼ਰਮ ਦੇ ਪ੍ਰਧਾਨ ਮਦਨ ਲਾਲ ਪਰਦੇਸੀ ਨੇ ਕਿਹਾ ਕਿ ਸ਼ਿਆਮ ਸਮਾਜ ਸੇਵਾ ਆਸ਼ਰਮ ਲੰਮੇ ਸਮੇਂ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਨਾਲ ਸੇਵਾ ਕਾਰਜਾਂ ਵਿਚ ਅਗਾਂਹਵਧੂ ਹੈ ਅਤੇ ਅੱਗੇ ਵੀ ਰਹੇਗਾ। ਹੁਣ ਤਕ ਅਸੀਂ ਇਸ ਮੁਹਿੰਮ ਵਿਚ 8 ਟਰੱਕ ਭੇਟ ਕਰ ਚੁੱਕੇ ਹਾਂ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਹਰਭਗਵਾਨ ਥਰੇਜਾ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ’ਚ ਪੰਜਾਬ ਕੇਸਰੀ ਗਰੁੱਪ ਵੱਲੋਂ ਮਦਦ ਲਈ ਅੱਗੇ ਆਉਣਾ ਚੰਗਾ ਕਦਮ ਹੈ।
ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਅਸੀਂ ਦਾਨੀਆਂ ਦੇ ਸਹਿਯੋਗ ਨਾਲ ਸਰਹੱਦੀ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਜ਼ਿਲ੍ਹਾ ਭਾਜਪਾ ਪ੍ਰਧਾਨ ਜਗਦੀਸ਼ ਭਗਤ, ਡਿਸਟ੍ਰਿਕਟ ਡਿਵੈਲਪਮੈਂਟ ਕੌਂਸਲ (ਡੀ. ਡੀ. ਸੀ.) ਭੂਸ਼ਣ ਬਰਾਲ, ਭਾਜਪਾ ਨੇਤਾ ਮੀਨੂ ਸ਼ਰਮਾ ਤੇ ਡਿੰਪਲ ਸੂਰੀ ਨੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਸੁਮਨ ਰਾਣੀ, ਮਦਨ ਲਾਲ ਪਰਦੇਸੀ, ਹਰਭਗਵਾਨ ਥਰੇਜਾ, ਸੁਰਿੰਦਰ ਕੁਮਾਰ ਬਾਂਸਲ, ਵਿਜੇ ਬਾਂਸਲ, ਜਗਦੀਸ਼ ਭਗਤ, ਭੂਸ਼ਣ ਬਰਾਲ, ਅਨੂ ਸਿੰਘ, ਮੀਨੂ ਸ਼ਰਮਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।