ਫਾਲਤੂ ਖ਼ਰਚੇ ਲਈ ਪੈਸੇ ਨਾ ਦੇਣ ’ਤੇ ਪੋਤਰੇ ਵੱਲੋਂ ਜ਼ਖਮੀ ਕੀਤੇ ਦਾਦੇ ਦੀ ਇਲਾਜ ਦੌਰਾਨ ਮੌਤ
Tuesday, Apr 29, 2025 - 06:56 AM (IST)

ਲੁਧਿਆਣਾ (ਪੰਕਜ) : ਫਜ਼ੂਲ ਖਰਚੀ ਲਈ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਪੋਤਰੇ ਵਲੋਂ ਬੈਟ ਮਾਰ ਕੇ ਜ਼ਖ਼ਮੀ ਕੀਤੇ ਦਾਦੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਡਾਬਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਬਸੰਤ ਨਗਰ ਵਾਸੀ ਰਵਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਰਘੂਵੀਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦਾ ਬੇਟਾ ਸੰਨੀ, ਜੋ ਕਿ ਉਸ ਦਾ ਭਤੀਜਾ ਲੱਗਦਾ ਹੈ, ਮਾੜੀ ਸੰਗਤ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਅਕਸਰ ਆਪਣੇ ਦਾਦੇ ਬਹਾਦਰ ਸਿੰਘ ਤੋਂ ਪੈਸੇ ਮੰਗਦਾ ਰਹਿੰਦਾ ਸੀ ਅਤੇ ਨਾਂਹ ਕਰਨ ’ਤੇ ਕੁੱਟਮਾਰ ’ਤੇ ਉਤਰ ਆਉਂਦਾ ਸੀ।
ਇਹ ਵੀ ਪੜ੍ਹੋ : ਬਦਮਾਸ਼ਾਂ ਨੇ 2 ਗੈਸ ਏਜੰਸੀਆਂ ਦੇ ਡਲਿਵਰੀਮੈਨ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟੇ
16 ਅਪ੍ਰੈਲ ਨੂੰ ਵੀ ਉਸਦੇ ਭਤੀਜੇ ਸੰਨੀ ਨੇ ਦਾਦਾ ਬਹਾਦਰ ਸਿੰਘ ਨੂੰ ਪੈਸੇ ਦੇਣ ਲਈ ਕਿਹਾ, ਜਿਸ ’ਤੇ ਉਸ ਨੇ ਨਾਂਹ ਕਰ ਦਿੱਤੀ, ਜਿਸ ’ਤੇ ਗੁੱਸੇ ’ਚ ਆ ਕੇ ਸੰਨੀ ਨੇ ਉਨ੍ਹਾਂ ਦੇ ਸਿਰ ’ਤੇ ਬੈਟ ਨਾਲ ਹਮਲਾ ਕਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜਿਵੇਂ ਹੀ ਉਸ ਨੇ ਅੱਗੇ ਵਧ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਛੁਰੇ ਨਾਲ ਵੀ ਵਾਰ ਕੀਤਾ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਹੋਏ ਬਹਾਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਇਲਾਜ ਦੌਰਾਨ ਸੋਮਵਾਰ ਨੂੰ ਮੌਤ ਹੋ ਗਈ।
ਉਧਰ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਸੰਨੀ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਹੁਣ ਉਸ ਦੇ ਖਿਲਾਫ਼ ਦਰਜ ਮਾਮਲੇ ਵਿਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8