ਸਰਹਿੰਦ ਫੀਡਰ ਘਪਲਾ: 6 ਇੰਜੀਨੀਅਰਾਂ 'ਤੇ ਚਾਰਜਸ਼ੀਟ, ਦੋ ਠੇਕੇਦਾਰ ਵੀ ਸ਼ਿਕੰਜੇ 'ਚ

Wednesday, Aug 31, 2022 - 08:29 PM (IST)

ਸਰਹਿੰਦ ਫੀਡਰ ਘਪਲਾ: 6 ਇੰਜੀਨੀਅਰਾਂ 'ਤੇ ਚਾਰਜਸ਼ੀਟ, ਦੋ ਠੇਕੇਦਾਰ ਵੀ ਸ਼ਿਕੰਜੇ 'ਚ

ਜਲੰਧਰ (ਨਰਿੰਦਰ ਮੋਹਨ) : ਜਲ ਸਰੋਤ ਵਿਭਾਗ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਿਆ ਹੈ। ਸਰਹਿੰਦ ਫੀਡਰ ਦੀ 625 ਕਰੋੜ ਦੀ ਲਾਗਤ ਨਾਲ ਮੁਰੰਮਤ ਅਤੇ ਦੋ ਵਾਰ ਟੁੱਟਣ ਦੇ ਮਾਮਲੇ 'ਚ ਜਲ ਸਰੋਤ ਦੇ ਤਿੰਨ ਇੰਜਨੀਅਰਾਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਮੁਰੰਮਤ ਹੋਣ ਤੋਂ ਬਾਅਦ ਇਹ ਨਹਿਰ ਇਸ ਸਾਲ ਪਹਿਲੀ ਅਪ੍ਰੈਲ ਨੂੰ ਟੁੱਟ ਗਈ ਸੀ, ਜਿਸ ਦੀ 15 ਦਿਨਾਂ 'ਚ ਮੁਰੰਮਤ ਕਰ ਦਿੱਤੀ ਗਈ ਸੀ ਪਰ ਉਸੇ ਥਾਂ ਤੋਂ ਪੰਜ ਹਫ਼ਤਿਆਂ ਬਾਅਦ ਨਹਿਰ ਮੁੜ ਟੁੱਟ ਗਈ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਵਿਭਾਗ ਦੇ ਵਿਜੀਲੈਂਸ ਵਿੰਗ ਨੂੰ  ਦਿੱਤੇ ਸਨ ,ਜਿਸ ਦੀ ਰਿਪੋਰਟ 'ਚ ਕਾਰਜਕਾਰੀ ਇੰਜਨੀਅਰ, ਉਪ ਮੰਡਲ ਇੰਜਨੀਅਰ ਅਤੇ ਜੂਨੀਅਰ ਇੰਜਨੀਅਰ ’ਤੇ ਆਪਣੀ ਡਿਊਟੀ ’ਚ ਕੋਤਾਹੀ ਕਰਨ ਦੇ ਦੋਸ਼ ਲਾਏ ਗਏ ਹਨ, ਜਦਕਿ ਰਿਪੋਰਟ 'ਚ ਠੇਕੇਦਾਰ 'ਤੇ ਘਟੀਆ ਕਾਰੀਗਰੀ ਨਾਲ ਉਸਾਰੀ ਦਾ ਦੋਸ਼ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਢਕੋਲੀ ਵਿਖੇ ਵਾਪਰੀ ਮੰਦਭਾਗੀ ਘਟਨਾ, 5 ਕੁੜੀਆਂ ਦੇ ਪਿਓ ਦੀ ਕਰੰਟ ਲੱਗਣ ਨਾਲ ਹੋਈ ਮੌਤ

ਕਰੋੜਾਂ ਦੀ ਲਾਗਤ ਨਾਲ ਬਣਾਈ ਇਹ ਸਰਹਿੰਦ ਫੀਡਰ ਪਹਿਲੀ ਅਪ੍ਰੈਲ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਨੇੜੇ ਟੁੱਟ ਗਈ ਸੀ। ਇਸ ਨਹਿਰ ਦੀ 15 ਦਿਨਾਂ 'ਚ ਮੁਰੰਮਤ ਕੀਤੀ ਗਈ ਸੀ ਪਰ ਪੰਜ ਹਫ਼ਤਿਆਂ ਬਾਅਦ ਇਹ ਨਹਿਰ ਮੁੜ ਉਸੇ ਥਾਂ ਤੋਂ ਟੁੱਟ ਗਈ। ਇਸ ਨਹਿਰ ਦੇ ਟੁੱਟਣ ਕਾਰਨ ਜਿੱਥੇ ਨੇੜਲੇ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਸੀ, ਉੱਥੇ ਹੀ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੇ ਸੀਜ਼ਨ ਦੌਰਾਨ ਪਾਣੀ ਦਾ ਸੰਕਟ ਵੀ ਸਤਾਉਣ ਲੱਗਾ ਸੀ। ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ 'ਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਸੀ। ਨਾਲ ਲੱਗਦੇ ਰਾਜਸਥਾਨ ਫੀਡਰ 'ਚ ਰੀਲਾਈਨ ਕਰਨ ਦਾ ਕੰਮ ਚੱਲ ਰਿਹਾ ਸੀ ਪਰ ਸਰਹਿੰਦ ਫੀਡਰ ਦੇ ਰਾਜਸਥਾਨ ਫੀਡਰ 'ਚ ਟੁੱਟਣ ਕਾਰਨ ਇਸ 'ਚ ਰੀਲਾਈਨਿੰਗ ਲਈ ਲਗਾਈਆਂ ਗਈਆਂ ਕਈ ਮਸ਼ੀਨਾਂ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਗਈਆਂ ਸਨ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਸੀ।

ਇਹ ਵੀ ਪੜ੍ਹੋ : ਸਕੂਲ ਟੀਚਰਾਂ 'ਤੇ ਹੋਇਆ ਹਮਲਾ: ਸੀਸੀਟੀਵੀ ਕੈਮਰੇ 'ਚ ਕੈਦ ਹੋਏ ਹਮਲਾਵਾਰ

ਬਾਰ-ਬਾਰ ਨਹਿਰ ਦੇ ਟੁੱਟਣ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਇਹ ਮੁੱਦਾ ਗੂੰਜਿਆ। ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਤਕਨੀਕੀ ਮਾਹਿਰਾਂ ਦੀ ਟੀਮ ਨੇ ਸਰਹਿੰਦ ਫੀਡਰ ਦਾ ਦੌਰਾ ਕੀਤਾ। ਫਿਰ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਸੁਪਰਡੈਂਟ ਇੰਜਨੀਅਰ (ਐਸਈ) ਨੂੰ ਮੁਅੱਤਲ ਕਰ ਦਿੱਤਾ ਤੇ ਫਿਰ ਨਹਿਰ ਟੁੱਟਣ ਦੀ ਜਾਂਚ ਵਿਭਾਗ ਦੇ ਵਿਜੀਲੈਂਸ ਵਿੰਗ ਨੂੰ ਸੌਂਪ ਦਿੱਤੀ। ਵਿਜੀਲੈਂਸ ਨੇ ਆਪਣੀ ਜਾਂਚ ਰਿਪੋਰਟ 'ਚ ਕਿਹਾ ਹੈ ਕਿ ਦਸੰਬਰ, 2021 'ਚ ਵਿਜੀਲੈਂਸ ਨੂੰ ਨਹਿਰੀ ਬੈੱਡਾਂ 'ਤੇ ਨੁਕਸ ਪਾਏ ਗਏ ਸਨ ਤੇ ਉਨ੍ਹਾਂ ਨੂੰ ਠੀਕ ਕਰਨ ਲਈ ਕਿਹਾ ਗਿਆ ਸੀ ਜਦਕਿ ਠੇਕੇਦਾਰ ਨੇ ਫਿਰ ਤੋਂ ਬੈੱਡ ਬਣਾਉਣ 'ਚ ਲਾਪਰਵਾਹੀ ਵਰਤੀ ਤੇ ਉਦੋਂ ਤੋਂ ਹੀ ਨਹਿਰ ਤੋਂ ਪਾਣੀ ਦੀ ਲੀਕੇਜ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਵੋ : ਸਰਕਾਰ ਵੱਲੋਂ ਮਹਿਲਾਵਾਂ ਦੇ 50 ਫੀਸਦੀ ਰਾਖਵੇਂਕਰਨ ਨੂੰ ਨਹੀਂ ਕੀਤਾ ਜਾ ਰਿਹੈ ਲਾਗੂ!

ਰਿਪੋਰਟ ਅਨੁਸਾਰ ਸਰਹਿੰਦ ਫੀਡਰ 'ਚ ਪਹਿਲੀ ਦਰਾਰ ਵਿਭਾਗ ਦੇ ਫੀਲਡ ਸਟਾਫ਼ ਅਤੇ ਠੇਕੇਦਾਰ ਦੋਵਾਂ ਦੀ ਅਣਗਹਿਲੀ ਕਾਰਨ ਪਈ ਸੀ ਜਦਕਿ ਦੂਜੀ ਵਾਰ ਟੁੱਟੀ ਨਹਿਰ ਨੂੰ ਭਰਨ 'ਚ ਜਲਦਬਾਜ਼ੀ ਕੀਤੀ ਗਈ ਕਿਉਂਕਿ ਕਿਸਾਨਾਂ ਵੱਲੋਂ ਪਾਣੀ ਦੀ ਸਪਲਾਈ ਜਲਦੀ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਸੀ। ਰਿਪੋਰਟ ਅਨੁਸਾਰ ਨਹਿਰ ਦੇ ਨਿਰਮਾਣ 'ਚ ਵਰਤਿਆ ਗਿਆ ਮਟੀਰੀਅਲ ਤਾਂ ਠੀਕ ਸੀ ਪਰ ਠੇਕੇਦਾਰ ਦੀ ਲਾਪਰਵਾਹੀ ਸੀ। ਰਿਪੋਰਟ ਵਿੱਚ ਰਾਜਸਥਾਨ ਫੀਡਰ ਦੇ ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਰੰਧਾਵਾ, ਉਪ ਮੰਡਲ ਇੰਜਨੀਅਰ ਤਲਵਿੰਦਰ ਕੌਰ ਅਤੇ ਜੂਨੀਅਰ ਇੰਜਨੀਅਰ ਹਰਜਿੰਦਰ ਸਿੰਘ ਅਤੇ ਠੇਕੇਦਾਰ ਏਜੰਸੀ ਜੇਡੀ ਕੰਸਟਰਕਸ਼ਨ ਆਪਣੀ ਡਿਊਟੀ 'ਚ ਨਾਕਾਮ ਰਹਿਣ ਦੇ ਦੋਸ਼ੀ ਪਾਏ ਗਏ ਹਨ।

ਇਸੇ ਤਰ੍ਹਾਂ ਈਸਟਰਨ ਕੈਨਾਲ ਡਵੀਜ਼ਨ ਫ਼ਿਰੋਜ਼ਪੁਰ ਦੇ ਕਾਰਜਕਾਰੀ ਇੰਜਨੀਅਰ ਯਾਦਵਿੰਦਰ ਸਿੰਘ, ਉਪ ਮੰਡਲ ਇੰਜਨੀਅਰ ਨਵਨੀਤ ਗੁਪਤਾ ਅਤੇ ਜੂਨੀਅਰ ਇੰਜਨੀਅਰ ਜਸਪ੍ਰੀਤ ਸਿੰਘ ਅਤੇ ਠੇਕੇਦਾਰ ਬਲਬੀਰ ਸਿੰਘ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ। ਸਾਰੇ 6 ਅਧਿਕਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : DSP ਟਾਂਡਾ ਨੂੰ ਮਿਲੇ ਦੋਆਬਾ ਕਿਸਾਨ ਕਮੇਟੀ ਟਾਂਡਾ ਦੇ ਆਗੂ, ਰੱਖੀ ਇਹ ਮੰਗ


author

Anuradha

Content Editor

Related News