ਕੂੜਾ ਸਾੜਨ ਵਾਲਿਆਂ ਖਿਲਾਫ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਖਤੀ ਦੀ ਤਿਆਰੀ

08/19/2017 7:10:20 AM

ਜਲੰਧਰ, (ਬੁਲੰਦ)- ਸ਼ਹਿਰ ਵਿਚ ਥਾਂ ਥਾਂ 'ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਚੁਕਵਾਉਣ ਵਿਚ ਨਗਰ ਨਿਗਮ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਸਫਲ ਦਿਖਾਈ ਦੇ ਰਿਹਾ ਹੈ। ਸਫਾਈ ਕਰਮਚਾਰੀ ਅਤੇ ਆਮ ਲੋਕ ਆਪਣੇ ਘਰਾਂ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਨੂੰ ਨਾ ਹਟਵਾਉਣ ਦੇ ਕਾਰਨ ਉਨ੍ਹਾਂ ਨੂੰ ਅੱਗ ਲਾ ਦਿੰਦੇ ਹਨ, ਜਿਸ ਨਾਲ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਨਿਰਦੇਸ਼ਾਂ 'ਤੇ ਹੁਣ ਵਿਭਾਗ ਕੂੜੇ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਯੋਜਨਾ ਬਣਾ ਰਿਹਾ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐੱਸ. ਈ. ਇੰਜੀਨੀਅਰ ਸੰਦੀਪ ਬਹਿਲ ਨੇ ਕਿਹਾ ਕਿ ਵਿਭਾਗ ਦੁਆਰਾ ਨਗਰ ਨਿਗਮ ਨੂੰ ਲੈਟਰ ਜਾਰੀ ਕੀਤੇ ਜਾ ਰਹੇ ਹਨ ਕਿ ਸ਼ਹਿਰ ਵਿਚ ਥਾਂ ਥਾਂ ਲੱਗੇ ਕੂੜੇ ਦੇ ਢੇਰ ਹਟਵਾਏ ਜਾਣ ਅਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਨਾ ਕਰਨ ਬਾਰੇ ਆਪਣੇ ਸਫਾਈ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਦੇ ਜੇ. ਈਜ਼ ਦੀ ਦੇਖ ਰੇਖ ਹੇਠ ਟੀਮਾਂ ਗਠਿਤ ਕੀਤੀਆਂ ਹਨ। 
ਜੋ ਸਵੇਰੇ ਸਵੇਰੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਅਚਾਨਕ ਚੈਕਿੰਗ ਕਰਨਗੇ ਅਤੇ ਕੂੜੇ ਨੂੰ ਅੱਗ ਲਗਾਉਣ ਵਾਲਿਆਂ ਨੂੰ ਫੜ ਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ ਅਤੇ ਜੁਰਮਾਨਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕਿਤੇ ਕੂੜਾ ਸਾੜਿਆ ਜਾ ਰਿਹਾ ਤਾਂ ਉਹ ਤੁਰੰਤ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਚਿਤ ਕਰ ਸਕਦਾ ਹੈ।


Related News