ਨਗਰ ਨਿਗਮ ਵਾਂਗ ਜਲੰਧਰ ਸਮਾਰਟ ਸਿਟੀ ਕੰਪਨੀ ਵੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਲਾਵਾਰਿਸ

Tuesday, Nov 28, 2023 - 12:32 PM (IST)

ਨਗਰ ਨਿਗਮ ਵਾਂਗ ਜਲੰਧਰ ਸਮਾਰਟ ਸਿਟੀ ਕੰਪਨੀ ਵੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਲਾਵਾਰਿਸ

ਜਲੰਧਰ (ਖੁਰਾਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਜਲੰਧਰ ਨਿਗਮ ਨੂੰ ਪਿਛਲੇ 8-9 ਸਾਲਾਂ ਦੌਰਾਨ ਕਰੋੜਾਂ-ਅਰਬਾਂ ਰੁਪਏ ਦੀਆਂ ਗ੍ਰਾਂਟਾਂ ਮਿਲ ਚੁੱਕੀਆਂ ਹਨ ਪਰ ਨਾ ਤਾਂ ਸ਼ਹਿਰ ਦੇ ਸਿਆਸੀ ਆਗੂ ਅਤੇ ਨਾ ਹੀ ਜਲੰਧਰ ’ਚ ਰਹੇ ਸਰਕਾਰੀ ਅਧਿਕਾਰੀ ਇਨ੍ਹਾਂ ਗ੍ਰਾਂਟਾਂ ਦੀ ਸਹੀ ਵਰਤੋਂ ਕਰ ਸਕੇ ਹਨ।

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ 'ਤੇ ਐਕਸ਼ਨ 'ਚ ਸ਼੍ਰੋਮਣੀ ਕਮੇਟੀ, ਲਿਆ ਵੱਡਾ ਫ਼ੈਸਲਾ

ਪਿਛਲੇ 20 ਮਹੀਨਿਆਂ ਤੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਸ ਸਰਕਾਰ ਦੀ ਪਕੜ ਜਲੰਧਰ ਨਗਰ ਨਿਗਮ ’ਤੇ ਨਹੀਂ ਬਣੀ ਹੈ, ਜਿਸ ਕਾਰਨ ਹੁਣ ਤੱਕ ਪੰਜ ਨਿਗਮ ਕਮਿਸ਼ਨਰ ਬਦਲੇ ਜਾ ਚੁੱਕੇ ਹਨ ਕਿਉਂਕਿ ਸਰਕਾਰੀ ਹੁਕਮ ਮੁਤਾਬਕ ਨਿਗਮ ਕਮਿਸ਼ਨਰ ਕੋਲ ਹੀ ਸਮਾਰਟ ਸਿਟੀ ਕੰਪਨੀ ਦਾ ਚਾਰਜ ਹੁੰਦਾ ਹੈ, ਇਸ ਲਈ ਜਲੰਧਰ ਨਿਗਮ ਵਾਂਗ ਜਲੰਧਰ ਸਮਾਰਟ ਸਿਟੀ ਵੀ ਇਸ ਅਰਸੇ ਦੌਰਾਨ ਲਾਵਾਰਿਸ ਜਿਹੀ ਦਿਸ ਰਹੀ ਹੈ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ ਅਭਿਜੀਤ ਕਪਲਿਸ਼ ਨੇ ਹੀ ਸਮਾਰਟ ਸਿਟੀ ਵੱਲ ਧਿਆਨ ਦਿੱਤਾ ਅਤੇ ਆਪਣਾ ਜ਼ਿਆਦਾ ਸਮੇਂ ਉਥੇ ਬਿਤਾਇਆ ਪਰ ਉਸਦੇ ਬਾਅਦ ਸਮਾਰਟ ਸਿਟੀ ਆਫਿਸ ’ਚ ਵੀ ਸੰਨਾਟਾ ਜਿਹਾ ਛਾਇਆ ਹੋਇਆ ਹੈ। ਸ਼ਹਿਰ ’ਚ ਇਸ ਸਮੇਂ ਚੱਲ ਰਹੇ ਸਮਾਰਟ ਸਿਟੀ ਦੇ ਕਈ ਪ੍ਰਾਜੈਕਟ ਹੌਲੀ ਰਫ਼ਤਾਰ ਚੱਲ ਰਹੇ ਹਨ।

ਇਹ ਵੀ ਪੜ੍ਹੋ :  ਪੰਜਾਬ ਸਣੇ 3 ਸੂਬਿਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ

ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੇ ਮੇਨ ਵਰਿਆਣਾ ਡੰਪ ਨੂੰ ਕੂੜਾ ਮੁਕਤ ਕਰਨ ਲਈ ਜੋ ਬਾਇਓ ਮਾਈਨਿੰਗ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ ਗਿਆ ਸੀ, ਉਹ ਪ੍ਰਾਜੈਕਟ ਕਈ ਸਾਲਾਂ ਤੋਂ ਲਟਕਦਾ ਚਲਿਆ ਆ ਰਿਹਾ ਹੈ। ਸਮਾਰਟ ਸਿਟੀ ਕੰਪਨੀ ਤੋਂ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਵੀ ਸ਼ੁਰੂ ਨਹੀਂ ਹੋ ਪਾ ਰਿਹਾ।

ਕੁਝ ਸਾਲ ਪਹਿਲਾਂ ਸਮਾਰਟ ਸਿਟੀ ਕੰਪਨੀ ਨੇ ਇਸ ਬਾਇਓ ਮਾਈਨਿੰਗ ਪਲਾਂਟ ਦਾ ਟੈਂਡਰ 70-72 ਕਰੋੜ ’ਚ ਲਗਾਇਆ ਸੀ ਪਰ ਬਾਅਦ ’ਚ ਇਹ ਟੈਂਡਰ 40 ਕਰੋੜ ਰੁਪਏ ਦੀ ਲਾਗਤ ਦੇ ਲਗਾਏ ਗਏ। ਇਸ ਪ੍ਰਾਜੈਕਟ ਤਹਿਤ ਵਰਿਆਣਾ ਡੰਪ ’ਚ ਪਏ ਕਰੀਬ 10 ਲੱਖ ਟਨ ਤੋਂ ਜ਼ਿਆਦਾ ਕੂੜੇ ਨੂੰ ਬਾਇਓ ਮਾਈਨਿੰਗ ਪ੍ਰਕਿਰਿਆ ਨਾਲ ਖ਼ਤਮ ਕਰਨ ਦੀ ਯੋਜਨਾ ਹੈ, ਜਿਸ ਲਈ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਕੰਪਨੀ ਕੂੜੇ ਦੇ ਢੇਰਾਂ ’ਚ ਪਏ ਵੱਖ-ਵੱਖ ਉਤਪਾਦਾਂ ਨੂੰ ਵੱਖ-ਵੱਖ ਕਰ ਕੇ ਉਸਦਾ ਨਿਪਟਾਰਾ ਕਰੇਗੀ। ਇਸ ਪ੍ਰਾਜੈਕਟ ਦੇ ਟੈਂਡਰ ਕਰੀਬ 7-8 ਵਾਰ ਲਗਾਏ ਜਾ ਚੁੱਕੇ ਹਨ। ਹੁਣ ਇਸ ਦੇ ਟੈਂਡਰ 28 ਨਵੰਬਰ ਨੂੰ ਖੁੱਲ੍ਹਣ ਜਾ ਰਹੇ ਹਨ। ਖ਼ਾਸ ਗੱਲ ਹੈ ਕਿ ਇਕ ਕੰਪਨੀ ਟੈਂਡਰ ਲੈਣ ਤੋਂ ਬਾਅਦ ਕੰਮ ਸ਼ੁਰੂ ਵੀ ਕਰ ਚੁੱਕੀ ਸੀ ਤੇ ਉਸ ਨੂੰ ਕੰਮ ਵਿਚੇ ਛੱਡ ਕੇ ਜਾਣਾ ਪਿਆ।

ਨਿਗਮ ਦਾ ਹਰ ਕਮਿਸ਼ਨਰ ਇਹ ਦਾਅਵਾ ਕਰਦਾ ਰਿਹਾ ਹੈ ਕਿ ਬਾਇਓ ਮਾਈਨਿੰਗ ਪਲਾਂਟ ਲੱਗ ਜਾਣ ਨਾਲ ਵਰਿਆਣਾ ਡੰਪ ’ਚ ਕੂੜੇ ਦੇ ਪਹਾੜ ਖਤਮ ਹੋਣਗੇ ਅਤੇ ਸ਼ਹਿਰ ਦੀ ਸਫ਼ਾਈ ਸਬੰਧੀ ਸਮੱਸਿਆ ਦਾ ਵੀ ਹੱਲ ਕੱਢ ਦਿੱਤਾ ਜਾਵੇਗਾ ਪਰ ਇਹ ਸਾਰੇ ਦਾਅਵੇ ਹੁਣ ਤੱਕ ਝੂਠੇ ਹੀ ਸਾਬਿਤ ਹੋਏ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਰੂਹ ਕੰਬਾਊ ਖ਼ਬਰ, 9 ਸਾਲ ਦੀ ਕੁੜੀ ਨਾਲ 16 ਸਾਲਾ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਵਿਭਾਗ ਦੇ ਰਾਡਾਰ ’ਤੇ ਹੈ ਸ਼ਹਿਰ ਦੀ ਸਫਾਈ ਵਿਵਸਥਾ

ਵਰਿਆਣਾ ਡੰਪ ਦੀ ਗੱਲ ਕਰੀਏ ਤਾਂ ਇਸ ਡੰਪ ’ਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦਾ ਸਾਰਾ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਨੇੜੇ-ਤੇੜੇ ਦਾ ਸਾਰਾ ਮਾਹੌਲ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਕਈ ਵਾਰ ਐੱਨ. ਜੀ. ਟੀ. ਦੀ ਟੀਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਡੰਪ ਸਾਈਟ ਦਾ ਦੌਰਾ ਕਰ ਕੇ ਨਿਗਮ ਨੂੰ ਸਖ਼ਤ ਨਿਰਦੇਸ਼ ਦੇ ਚੁੱਕੇ ਹਨ ਅਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਨਿਗਮ ’ਤੇ ਲੱਗ ਚੁੱਕਿਆ ਹੈ। ਇਸ ਦੇ ਬਾਵਜੂਦ ਨਿਗਮ ਤੋਂ ਡੰਪ ਦੀ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ। ਸ਼ਹਿਰ ਦੀ ਸਫ਼ਾਈ ਵਿਵਸਥਾ ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਵਿਭਾਗ ਦੇ ਰਾਡਾਰ ’ਤੇ ਹੈ ਅਤੇ ਐੱਨ. ਜੀ. ਟੀ. ਨੇ ਡੰਪ ਦੀ ਚਾਰਦੀਵਾਰੀ ਕਰਨ, ਕੂੜੇ ’ਤੇ ਮਿੱਟੀ ਪਾ ਕੇ ਕੈਪਿੰਗ ਕਰਨ, ਹਰਿਆਲੀ ਕਰਨ ਅਤੇ ਡੰਪ ਦੇ ਚਾਰੋਂ ਪਾਸੇ ਡ੍ਰੇਨ ਬਣਾ ਕੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਨਿਗਮ ਹੱਥ ’ਤੇ ਹੱਥ ਧਰ ਕੇ ਬੈਠਾ ਹੈ। ਹੁਣ ਦੇਖਣਾ ਹੈ ਕਿ ਪਲਾਂਟ ਕਦੋਂ ਸ਼ੁਰੂ ਹੁੰਦਾ ਹੈ ਅਤੇ ਡੰਪ ਦੀ ਸਮੱਸਿਆ ਕਿੰਨੇ ਸਾਲਾਂ ’ਚ ਖਤਮ ਹੁੰਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News