ਕੀ ਹੈ ਪੰਜਾਬ ਦੇ ਸਰਹੱਦੀ ਪਿੰਡਾਂ ਦਾ ਹਾਲ? ਬੀਐੱਸਐੱਫ ਕਰ ਰਹੀ ਕਿਸਾਨਾਂ ਨੂੰ ਅਪੀਲ
Monday, Apr 28, 2025 - 07:19 PM (IST)

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਦੇ ਹਰ ਨਾਗਰਿਕ ਦੀ ਮੰਗ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਕਰੇ ਤਾਂ ਜੋ ਪਹਿਲਗਾਮ ਹਮਲੇ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਦਾ ਬਦਲਾ ਲਿਆ ਜਾ ਸਕੇ। ਇਨ੍ਹਾਂ ਭਾਵਨਾਵਾਂ ਦੇ ਤਹਿਤ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਵੇਲੇ ਪਾਕਿਸਤਾਨ ਸਰਹੱਦ 'ਤੇ ਬਣ ਰਹੇ ਹਾਲਾਤਾਂ 'ਤੇ ਹਨ। ਪੰਜਾਬ ਦੇ ਹਰ ਸਰਹੱਦੀ ਸੈਕਟਰ ਤੋਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਹੌਲੀ-ਹੌਲੀ ਤਣਾਅ ਦਾ ਮਾਹੌਲ ਬਣ ਰਿਹਾ।
ਫੌਜ ਦੀ ਅਪੀਲ
ਇਸ ਦੇ ਚੱਲਦੇ ਅੱਜ ਜਗਬਾਣੀ ਟੀਮ ਵੱਲੋਂ ਸਰਹੱਦੀ ਖੇਤਰ ਦੇ ਸੈਕਟਰ ਬਮਿਆਲ ਅਤੇ ਸੈਕਟਰ ਗੁਰਦਾਸਪੁਰ ਦੇ ਨਜ਼ਦੀਕ ਸਰਹੱਦ ਜ਼ੀਰੋ ਰੇਖਾ 'ਤੇ ਵੱਸੇ ਰਹੇ ਪਿੰਡ ਸਿੰਬਲ ਸਕੋਲ, ਢੀਂਡਾ, ਬਮਿਆਲ, ਸਿੰਬਲ ਕੁੱਲੀਆਂ, ਜੈਤਪੁਰ, ਮਜੀਰੀ, ਚੌਤਰਾ, ਸਲਾਚ, ਤਾਸ, ਭਰਿਆਲ, ਚੇਬੇ ਆਦਿ ਦਾ ਦੌਰਾ ਕਰ ਕੇ ਇਥੋਂ ਦੇ ਹਾਲਾਤਾਂ ਬਾਰੇ ਅਤੇ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਕਿਉਂਕਿ ਲਗਾਤਾਰ ਖਬਰਾਂ ਆ ਰਹੀਆਂ ਸਨ ਬੀ ਐੱਸ ਐੱਫ ਦੇ ਵੱਲੋਂ ਸਰਹੱਦੀ ਜ਼ੀਰੋ ਲਾਈਨ 'ਤੇ ਵੱਸੇ ਲੋਕਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ 28 ਤਰੀਕ ਤੱਕ ਤੋਂ ਜਿਨ੍ਹਾਂ ਲੋਕਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ ਉਹ ਆਪਣੀ ਫਸਲ ਦੀ ਕਟਾਈ ਸਮੇਂ ਸਿਰ ਕਰ ਲੈਣ। ਕਿਉਂਕਿ ਉਸ ਤੋਂ ਬਾਅਦ ਇਹ ਗੇਟ ਬੰਦ ਕਰ ਦਿੱਤੇ ਜਾਣਗੇ। ਇਸ ਗੱਲ ਦੀ ਪੁਸ਼ਟੀ ਕਰਨ ਲਈ ਵੀ ਅੱਜ ਸਰਹੱਦੀ ਪਿੰਡ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ। ਪਰ ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਇਸ ਦਾ ਕੋਈ ਵੀ ਲਿਖਤੀ ਰੂਪ ਵਿੱਚ ਅਜੇ ਤੱਕ ਪੱਤਰ ਵੇਖਣ ਨੂੰ ਨਹੀਂ ਮਿਲਿਆ ਸਿਰਫ ਲੋਕਾਂ ਵੱਲੋਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਬੀਐੱਸਐੱਫ ਵੱਲੋਂ ਬਾਰਡਰ ਤੇ ਚੁਕੰਨੇ ਰਹਿਣ ਅਤੇ ਆਪਣੀ ਕਣਕ ਦੀ ਫਸਲ ਨੂੰ ਕੱਟਣ ਬਾਰੇ ਕਿਹਾ ਗਿਆ ਹੈ।
ਫੌਜ ਦੀ ਕਰਾਂਗੇ ਮਦਦ
ਪਹਿਲਾਂ ਭਾਰਤ ਪਾਕਿਸਤਾਨ ਸਰਹੱਦ ਦੀ ਜਦੋਂ ਰੇਖਾ ਤੇ ਸਥਿਤ ਪਿੰਡ ਸਕੋਲ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੇ ਲੋਕ ਬੇਸ਼ੱਕ ਪਹਿਲਗਾਮ ਹਮਲੇ ਦੀ ਨਿਖੇਧੀ ਕਰਦੇ ਹਨ। ਪਰ ਬਾਰਡਰ 'ਤੇ ਤਣਾਅ ਨੂੰ ਲੈ ਕੇ ਇਨ੍ਹਾਂ ਦਾ ਕਹਿਣਾ ਹੈ ਕਿ ਇਵੇਂ ਦੇ ਹਾਲਾਤ ਬਹੁਤ ਵਾਰ ਬਣ ਚੁੱਕੇ ਹਨ। ਜਿਸਦੇ ਚੱਲਦੇ ਅਸੀਂ ਇਨ੍ਹਾਂ ਹਾਲਾਤਾਂ ਦੇ ਆਦੀ ਹੋ ਚੁੱਕੇ ਹਾਂ, ਸਰਕਾਰਾਂ ਦੇ ਹੁਕਮ ਹੋਣ ਤੋਂ ਬਾਅਦ ਵੀ ਅਸੀਂ ਆਪਣਾ ਸਾਮਾਨ ਲੈ ਕੇ ਪਿੱਛੇ ਨਹੀਂ ਹਟਾਂਗੇ। ਉਸ ਤੋਂ ਇਲਾਵਾ ਜੇਕਰ ਬਾਰਡਰ 'ਤੇ ਹਾਲਾਤ ਖਰਾਬ ਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਸੀਮਾ ਸੁਰੱਖਿਆ ਬਲ ਦੀ ਡੱਟ ਕੇ ਮਦਦ ਕੀਤੀ ਜਾਵੇਗੀ ਅਤੇ ਪਾਕਿਸਤਾਨ ਨਾਲ ਇਸ ਘਿਨੌਣੀ ਹਰਕਤ ਦਾ ਬਦਲਾ ਲੈਣ ਲਈ ਆਪਣੀ ਫੌਜ ਦੀ ਮਦਦ ਕੀਤੀ ਜਾਵੇਗੀ।
ਸਰਕਾਰ ਦੇ ਫੈਸਲੇ ਦਾ ਕਰਦੇ ਹਾਂ ਸਮਰਥਨ
ਬੀਐੱਸਐੱਫ ਵੱਲੋਂ ਫਸਲਾਂ ਨੂੰ ਜਲਦੀ ਵੱਢਣ ਦੀ ਗੱਲ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਵੱਲੋਂ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਕਿਹਾ ਗਿਆ ਕਿ ਜਲਦ ਤੋਂ ਜਲਦ ਉਹ ਆਪਣੀ ਫਸਲ ਵੱਢ ਲੈਣ ਤਾਂ ਜੋ ਆਉਣ ਵਾਲੇ ਸਮੇਂ ਤੱਕ ਇਹ ਜ਼ਮੀਨ ਖਾਲੀ ਹੋ ਸਕੇ। ਇਸ ਵਿਸ਼ੇ 'ਤੇ ਪਿੰਡ ਦੇ ਸਰਪੰਚ ਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਿੰਡਾਂ ਦੇ ਲੋਕਾਂ ਦੇ ਵਿੱਚ ਥੋੜਾ ਜਿਹਾ ਤਣਾਅ ਤਾਂ ਹੈ ਪਰ ਸਾਡੇ ਪਿੰਡਾਂ ਦੇ ਲੋਕ ਹਾਲਾਤ ਖਰਾਬ ਹੋਣ ਤੇ ਪਿੱਛੇ ਹੱਟਣ ਵਾਲਿਆਂ ਵਿੱਚੋਂ ਨਹੀਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦਾ ਸਰਕਾਰ ਦੇ ਹਰ ਫੈਸਲੇ ਨਾਲ ਸਮਰਥਨ ਹੈ ਅਤੇ ਉਹ ਕਿਸੇ ਵੀ ਹਾਲਾਤ ਵਿੱਚ ਸਰਹੱਦ ਤੋਂ ਪਿੱਛੇ ਨਹੀਂ ਹਟਣਗੇ। ਸਗੋਂ ਬੀਐੱਸਐੱਫ ਨਾਲ ਮਿਲ ਕੇ ਡੱਟ ਕੇ ਮੁਕਾਬਲਾ ਕਰਨਗੇ।
ਹਾਲਾਤਾਂ 'ਤੇ ਪ੍ਰਗਟਾਇਆ ਰੋਸ
ਇਸ ਦੇ ਨਾਲ ਹੀ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਪ੍ਰਤੀ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਰੋਸ ਜਤਾਇਆ ਗਿਆ। ਪਿੰਡ ਸਕੋਲ ਨਿਵਾਸੀ ਜਗਦੀਸ਼ ਰਾਜ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ 1999 ਕਾਰਗਿਲ ਯੁੱਧ, 2002 ਸੰਸਦ ਹਮਲੇ ਤੋਂ ਬਾਅਦ ਅਤੇ ਸਰਜੀਕਲ ਸਟਾਕ ਦੌਰਾਨ ਖਰਾਬ ਹੋਏ ਹਾਲਾਤ ਦੌਰਾਨ ਵੀ ਸਾਨੂੰ ਇਨ੍ਹਾਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿ ਆਪਣੇ ਪਰਿਵਾਰਾਂ ਨੂੰ ਲੈ ਕੇ ਪਿੱਛੇ ਹਟਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਹਾਲਾਤ ਬਣਦੇ ਹਨ ਤਾਂ ਸਰਕਾਰਾਂ ਸਰਹੱਦੀ ਪਿੰਡ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕਰਦੀਆਂ ਨੇ ਕਿ ਤੁਹਾਨੂੰ ਪਿੰਡ ਤੋਂ 10 ਕਿਲੋਮੀਟਰ ਦੂਰੀ ਤੇ ਪਿੱਛੇ ਰਹਿਣ ਬਸੇਰੇ ਬਣਾ ਕੇ ਦਿੱਤੇ ਜਾਣਗੇ ਤਾਂ ਕਿ ਇਨ੍ਹਾਂ ਹਾਲਾਤਾਂ ਦੌਰਾਨ ਤੁਸੀਂ ਉਨ੍ਹਾਂ ਘਰਾਂ ਦੇ ਵਿੱਚ ਸ਼ਿਫਟ ਕਰ ਸਕੋ। ਪਰੰਤੂ ਕਈ ਸਾਲ ਬੀਜ ਜਾਣ ਤੱਕ ਸਰਕਾਰਾਂ ਵੱਲੋਂ ਅਜੇ ਤੱਕ ਇਵੇਂ ਦੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਹਤਰ ਸਹੂਲਤ ਨਹੀਂ ਦਿੱਤੀ ਜਾਂਦੀ ਰਹੀ ਹੈ। ਸਿਰਫ ਹਾਲਾਤ ਖਰਾਬ ਹੋਣ 'ਤੇ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ।
ਸਰਹੱਦੀ ਪਿੰਡਾਂ 'ਚ ਨਹੀਂ ਕੋਈ ਤਣਾਅ
ਸਰਹੱਦ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰਾ ਕਰਨ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਕਿ ਸਰਹੱਦੀ ਪਿੰਡਾਂ ਦੇ ਵਿੱਚ ਲੋਕਾਂ ਤੇ ਕਿਸੇ ਵੀ ਤਰ੍ਹਾਂ ਦਾ ਤਣਾਅ ਦਿਖਾਈ ਨਹੀਂ ਦੇ ਰਿਹਾ। ਲੋਕ ਆਰਾਮ ਨਾਲ ਆਪਣੇ ਫਸਲਾਂ ਸਮੇਟ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਇਸ ਘਟਨਾ ਦਾ ਬਦਲਾ ਪਾਕਿਸਤਾਨ ਨਾਲ ਜ਼ਰੂਰ ਲਵੇ। ਅਸੀਂ ਸਰਕਾਰ ਦੇ ਫੈਸਲੇ ਦਾ ਹਰ ਪੱਖੋ ਸਮਰਥਨ ਕਰਾਂਗੇ। ਉਨ੍ਹਾਂ ਕਿਹਾ ਕਿ ਬਾਕੀ ਕਿਸਾਨਾਂ ਵੱਲੋਂ ਆਮ ਦੀ ਤਰ੍ਹਾਂ ਹੀ ਆਪਣੇ ਕਣਕ ਦੀ ਫਸਲ ਦੀ ਸਾਂਭ ਸੰਭਾਲ ਕਰ ਲਈ ਗਈ ਹੈ ਅਤੇ ਹੁਣ ਪਸ਼ੂਆਂ ਦੀ ਤੂੜੀ ਤੰਦ ਵੀ ਸਾਂਭ ਲਿਆ ਗਿਆ। ਬਾਕੀ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਕਾਰਾਂ ਵੱਲੋਂ ਬਾਰਡਰ 'ਤੇ ਵੱਸੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਪਲ ਪਲ ਦੀ ਨਜ਼ਰ ਰੱਖੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8