400 ਤੋਂ ਵੱਧ ਟਿਊਬਵੈੱਲਾਂ ਦੀ ਮੇਨਟੀਨੈਂਸ ਦਾ ਟੈਂਡਰ ਲਟਕਣ ਤੋਂ ਠੇਕੇਦਾਰ ਨਾਰਾਜ਼, ਕੰਮ ਛੱਡਿਆ

Tuesday, Aug 30, 2022 - 04:41 PM (IST)

ਜਲੰਧਰ (ਖੁਰਾਣਾ) : ਲੱਖਾਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਰਗੇ ਮਹੱਤਵਪੂਰਨ ਕੰਮਾਂ 'ਚ ਵੀ ਨਿਗਮ ਦੇ ਅਧਿਕਾਰੀ ਕਿਸ ਤਰ੍ਹਾਂ ਲਾਪ੍ਰਵਾਹੀ ਅਤੇ ਨਾਲਾਇਕੀ ਵਰਤਦੇ ਹਨ, ਇਸਦੀ ਇਕ ਉਦਾਹਰਣ ਸ਼ਹਿਰ 'ਚ ਲੱਗੇ ਟਿਊਬਵੈੱਲਾਂ ਦੀ ਮੇਨਟੀਨੈਂਸ ਦੇ ਕੰਮ ਨਾਲ ਸਬੰਧਤ ਟੈਂਡਰ ਦੇ ਹਸ਼ਰ ਤੋਂ ਮਿਲ ਜਾਂਦੀ ਹੈ। ਜ਼ਿਕਰਯੋਗ ਹੈ ਕਿ ਨਿਗਮ ਨੇ ਪਿਛਲੇ ਸਾਲ ਦਸੰਬਰ 'ਚ ਸ਼ਹਿਰ ਦੇ 350 ਟਿਊਬਵੈੱਲਾਂ ਨੂੰ ਚਲਾਉਣ, ਬੰਦ ਕਰਨ ਅਤੇ ਉਨ੍ਹਾਂ ਨੂੰ ਮੇਨਟੇਨ ਕਰਨ ਦੇ ਟੈਂਡਰ ਕੱਢੇ ਸਨ, ਜਿਸ ਨੂੰ ਐੱਸ. ਕੇ. ਈ. ਇੰਜੀਨੀਅਰਸ ਏਜੰਸੀ ਨੇ ਜ਼ਿਆਦਾ ਡਿਸਕਾਊਂਟ ਦੇ ਕੇ ਪ੍ਰਾਪਤ ਕਰ ਲਿਆ ਅਤੇ ਜਨਵਰੀ 'ਚ ਇਹ ਕੰਮ ਉਕਤ ਏਜੰਸੀ ਨੂੰ ਅਲਾਟ ਵੀ ਹੋ ਗਿਆ।

ਇਹ ਵੀ ਪੜ੍ਹੋ : ਬਟਾਲਾ ਦਾ ਦਿਵਿਆਂਗ ਨੌਜਵਾਨ ਲੋਕਾਂ ਲਈ ਬਣਿਆ ਪ੍ਰੇਰਨਾਸਰੋਤ, ਸਫ਼ਾਈ ਮੁਹਿੰਮ ਲਈ ਕਰ ਰਿਹੈ ਜਾਗਰੂਕ

ਵਿੱਤੀ ਜਾਂਚ 'ਚ ਵੀ ਖਰੇ ਉਤਰਨ ਤੋਂ ਬਾਅਦ ਇਹ ਟੈਂਡਰ ਚੰਡੀਗੜ੍ਹ ਚੀਫ਼ ਇੰਜੀਨੀਅਰ ਤੋਂ ਮਨਜ਼ੂਰ ਹੋ ਕੇ ਆ ਚੁੱਕੇ ਹਨ ਪਰ ਹੁਣ 8ਵਾਂ ਮਹੀਨਾ ਚੱਲ ਰਿਹਾ ਹੋਣ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੇ ਇਹ ਕੰਮ ਐੱਸ. ਕੇ. ਈ. ਇੰਜੀਨੀਅਰਸ ਨੂੰ ਅਲਾਟ ਨਹੀਂ ਕੀਤਾ, ਜਿਸ ਕਾਰਨ ਹੁਣ ਠੇਕੇਦਾਰ ਏਜੰਸੀ ਨੇ ਕੰਮ ਕਰਨ ਤੋਂ ਹੀ ਨਾਂਹ ਕਰ ਦਿੱਤੀ ਹੈ। ਇਸ ਏਜੰਸੀ ਕੋਲ 56 ਹੋਰ ਟਿਊਬਵੈੱਲਾਂ ਦੀ ਵੀ ਮੇਨਟੇਨ ਦਾ ਕੰਮ ਹੈ, ਜਿਸ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।

ਐੱਸ. ਕੇ. ਈ. ਇੰਜੀਨੀਅਰਸ ਦੇ ਪ੍ਰਤੀਨਿਧੀ ਸੁਧੀਰ ਕੁਮਾਰ ਠੇਕੇਦਾਰ ਨੇ ਨਿਗਮ ਕਮਿਸ਼ਨਰ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਏਜੰਸੀ ਦੀ ਹੁਣ ਇਸ ਕੰਮ ਨੂੰ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਇਨ੍ਹਾਂ ਕੰਮਾਂ ਦੇ ਟੈਂਡਰ 4 ਮਹੀਨੇ ਲਈ ਸਨ ਅਤੇ ਹੁਣ ਉਸ ਤੋਂ ਕਿਤੇ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਲਈ ਟੈਂਡਰਾਂ ਨਾਲ ਸਬੰਧਤ ਅਰਨੈਸਟ ਮਨੀ ਵਾਪਸ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਹ ਟੈਂਡਰ 5 ਕਰੋੜ ਤੋਂ ਵੱਧ ਰਕਮ ਦੇ ਹਨ।

ਜਨਤਾ ਨੂੰ ਪਰੇਸ਼ਾਨੀ ਨਹੀਂ ਆਉਣ ਦਿਆਂਗਾ : ਠੇਕੇਦਾਰ

ਜਦੋਂ ਇਸ ਬਾਰੇ ਐੱਸ. ਕੇ. ਈ. ਇੰਜੀਨੀਅਰਸ ਦੇ ਠੇਕੇਦਾਰ ਸੁਧੀਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟੈਂਡਰਾਂ ਬਾਰੇ ਸਾਰੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਵਜੂਦ ਫਾਈਨਾਂਸ ਐਂਡ ਕਾਂਟਰੈਕਟ ਕਮੇਟੀ 'ਚ ਇਸ ਨੂੰ 6 ਵਾਰ ਲਟਕਾ ਦਿੱਤਾ ਗਿਆ ਹੈ। ਠੇਕੇਦਾਰ ਨੇ ਦੱਸਿਆ ਕਿ ਉਹ ਪਿਛਲੇ ਟੈਂਡਰਾਂ ਦੇ ਆਧਾਰ ’ਤੇ ਹੀ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਨੂੰ ਪਾਣੀ ਸਬੰਧੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਹੁਣ ਉਹ ਇਸ ਟੈਂਡਰ ਦੇ ਆਧਾਰ ’ਤੇ ਕੰਮ ਵੀ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਹ ਇਹ ਕੰਮ ਫ੍ਰੀ ਵਿਚ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਟੈਂਡਰ ਬਾਰੇ ਇਕ ਵਿਰੋਧੀ ਠੇਕੇਦਾਰ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਸਨ ਪਰ ਸੁਧੀਰ ਠੇਕੇਦਾਰ ਨੇ ਦੱਸਿਆ ਕਿ ਉਸ ਠੇਕੇਦਾਰ ਨੇ ਤਾਂ ਟੈਂਡਰ ਪ੍ਰਕਿਰਿਆ ਵਿਚ ਹਿੱਸਾ ਵੀ ਨਹੀਂ ਲਿਆ ਸੀ ਅਤੇ ਨਾ ਹੀ ਉਹ ਦੂਜੇ ਨੰਬਰ ’ਤੇ ਆਇਆ, ਇਸ ਲਈ ਉਸਨੂੰ ਕਿਸੇ ਵੀ ਆਧਾਰ ’ਤੇ ਇਹ ਕੰਮ ਅਲਾਟ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਪਨਬੱਸ ਤੇ PRTC ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ, ਮਹੀਨੇ ’ਚ 9 ਦਿਨ ਹੋਣਗੇ ਰੋਸ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਟਿਊਬਵੈੱਲਾਂ ਦੀ ਮੇਨਟੀਨੈਂਸ ਦਾ ਕੰਮ ਖਤਮ ਹੋ ਜਾਣ ਕਾਰਨ ਨਿਗਮ ਨੂੰ ਉਦੋਂ ਸਮੱਸਿਆ ਆਉਂਦੀ ਹੈ, ਜਦੋਂ ਕੋਈ ਟਿਊਬਵੈੱਲ ਖਰਾਬ ਹੋ ਜਾਂਦਾ ਹੈ ਅਤੇ ਠੇਕੇਦਾਰ ਉਸਦੀ ਮੋਟਰ ਬਦਲਣ ਜਾਂ ਰਿਪੇਅਰ ਆਦਿ ਕਰਨ ਪ੍ਰਤੀ ਹਾਮੀ ਨਹੀਂ ਭਰਦਾ। ਪਿਛਲੇ ਦਿਨੀਂ ਨਿਗਮ ਅਧਿਕਾਰੀਆਂ ਨੇ ਆਪਣੇ ਪੱਧਰ ’ਤੇ ਕੁਝ ਟਿਊਬਵੈੱਲ ਠੀਕ ਕਰਵਾ ਲਏ ਹਨ ਪਰ ਉਨ੍ਹਾਂ ਦੀ ਪੇਮੈਂਟ ਨਾਲ ਸਬੰਧਤ ਫਾਈਲਾਂ ਵੀ ਅਜੇ ਤੱਕ ਕਮਿਸ਼ਨਰ ਆਫਿਸ ਵਿਚ ਲਟਕੀਆਂ ਹੋਈਆਂ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਈ ਇਲਾਕਿਆਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Anuradha

Content Editor

Related News