ਆਨਲਾਈਨ ਬਣਵਾ ਸਕਦੇ ਹੋ ਆਪਣਾ Voter ID Card, ਇਹ ਲੋਕ ਦੇ ਸਕਦੇ ਹਨ ਅਰਜ਼ੀ

01/17/2019 1:18:02 PM

ਨਵੀਂ ਦਿੱਲੀ — 2019 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ। ਅਜਿਹੇ 'ਚ ਚੋਣ ਕਮਿਸ਼ਨ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਆਦਾ ਤੋਂ ਜ਼ਿਆਦਾ ਵੋਟਰ ਵੋਟ ਪਾ ਸਕਣ, ਇਸ ਲਈ ਚੋਣ ਕਮਿਸ਼ਨ ਨੇ ਨਵੇਂ ਵੋਟਰਾਂ ਦਾ ਵੋਟਰ ਆਈ.ਡੀ. ਕਾਰਡ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਵਾਰ ਭਾਰਤ ਤੋਂ ਬਾਹਰ ਰਹਿ ਰਹੇ ਗੈਰ ਨਿਵਾਸੀ ਭਾਰਤੀ ਵੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਇਨ੍ਹਾਂ ਭਾਰਤੀਆਂ ਦਾ ਬਣ ਸਕਦਾ ਹੈ ਵੋਟਰ ਆਈ.ਡੀ.

ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਜ਼ਿਆਦਾ ਹੈ ਅਤੇ ਤੁਸੀਂ ਆਪਣਾ ਵੋਟਰ ਆਈ.ਡੀ. ਕਾਰਡ ਬਣਵਾਉਣ ਦੇ ਯੋਗ ਹੋ। ਇਸ ਲਈ ਹੁਣ ਤੁਹਾਨੂੰ ਚੋਣ ਕਮਿਸ਼ਨ ਦੇ ਮਹੀਨਿਆਂ ਤੱਕ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਤੁਸੀਂ ਘਰ ਬੈਠ ਕੇ ਹੀ ਆਪਣੇ ਸਮਾਰਟ ਫੋਨ ਜਾਂ ਲੈਪਟਾਪ ਦੀ ਸਹਾਇਤਾ ਨਾਲ ਆਪਣੇ ਵੋਟਰ ਆਈ.ਡੀ. ਕਾਰਡ ਲਈ ਅਰਜ਼ੀ ਦੇ ਸਕਦੇ ਹੋ। ਇਕ ਮਹੀਨੇ ਅੰਦਰ ਤੁਹਾਨੂੰ ਆਪਣਾ ਵੋਟਰ ਆਈ.ਡੀ. ਕਾਰਡ ਮਿਲ ਜਾਵੇਗਾ।

ਸਭ ਤੋਂ ਪਹਿਲਾਂ ਇਨ੍ਹਾਂ ਦਸਤਾਵੇਜ਼ਾਂ ਨੂੰ ਕਰੋ ਇਕੱਠੇ

ਵੋਟਰ ਆਈ.ਡੀ. ਕਾਰਡ ਬਣਵਾਉਣ ਲਈ ਤੁਹਾਨੂੰ ਰਿਹਾਇਸ਼ ਦਾ ਪ੍ਰਮਾਣ ਅਤੇ ਆਈ.ਡੀ. ਸਬੂਤ ਲਈ ਵੱਖ-ਵੱਖ ਦਸਤਾਵੇਜ਼ਾਂ ਦੀ ਕਾਪੀ ਅਪਲੋਡ ਕਰਨੀ ਹੋਵੇਗੀ। ਇਸ ਲਈ ਤੁਸੀਂ ਆਪਣਾ ਆਧਾਰ ਕਾਰਡ, ਪਾਸਪੋਰਟ, ਦਸਵੀਂ ਦੀ ਮਾਰਕਸ਼ੀਟ, ਜਨਮ ਦਾ ਪ੍ਰਮਾਣ ਪੱਤਰ, ਪੈਨ ਕਾਰਡ, ਡਰਾਇਵਿੰਗ ਲਾਇਸੈਂਸ, ਬੈਂਕ ਦੀ ਪਾਸਬੁੱਕ, ਫੋਨ/ਬਿਜਲੀ/ਪਾਣੀ/ਗੈਸ ਦਾ ਬਿੱਲ, ਇਨਕਮ ਟੈਕਸ ਫਾਰਮ 16 ਆਦਿ ਵਿਚੋਂ ਕੋਈ ਵੀ ਦੋ ਦਸਤਾਵੇਜ਼ ਦੀ ਸਕੈਨ ਕਾਪੀ ਨੂੰ ਅਪਲੋਡ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਸ਼ੁਰੂਆਤ

ਵੋਟਰ ਆਈ.ਡੀ. ਕਾਰਡ ਬਣਾਵਾਉਣ ਤੋਂ ਪਹਿਲਾਂ ਤੁਹਾਡੇ ਕੋਲ ਪਰਸਨਲ ਈ-ਮੇਲ ਆਈ.ਡੀ. ਅਤੇ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ। ਜਿਸ ਦੀ ਸਹਾਇਤਾ ਨਾਲ ਚੋਣ ਕਮਿਸ਼ਨ ਅਸਾਨੀ ਨਾਲ ਤੁਹਾਡੇ ਨਾਲ ਸੰਪਰਕ ਕਰ ਸਕੇ। ਕਦੇ ਵੀ ਆਪਣੇ ਦਫਤਰ ਦੀ ਈ-ਮੇਲ ਆਈ.ਡੀ. ਜਾਂ ਕਿਸੇ ਹੋਰ ਦੀ ਆਈ.ਡੀ. ਨਾ ਦਿਓ।
ਸਭ ਤੋਂ ਪਹਿਲਾਂ ਤੁਹਾਨੂੰ ਚੋਣ ਕਮਿਸ਼ਨ ਦੀ ਵੈਬਸਾਈਟ https://www.nvsp.in/ 'ਤੇ ਜਾਣਾ ਹੋਵੇਗਾ। ਇਸ ਵੈਬਸਾਈਟ 'ਤੇ 000 ਅਤੇ ਆਮ ਭਾਰਤੀ  ਨਵੇਂ ਵੋਟਰ ਆਈ.ਡੀ. ਕਾਰਡ ਲਈ ਅਰਜ਼ੀ ਦੇ ਸਕਦੇ ਹਨ।

ਸਾਵਧਾਨੀ ਨਾਲ ਭਰੋ ਫਾਰਮ ਵਿਚ ਜਾਣਕਾਰੀ 

ਵਿਕਲਪ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਪੇਜ਼ ਖੁੱਲ੍ਹੇਗਾ ਜਿਸ ਉੱਤੇ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਸਾਵਧਾਨੀ ਨਾਲ ਭਰਨੀ ਹੋਵੇਗੀ। ਵੋਟਰ ਆਈ.ਡੀ. ਕਾਰਡ ਬਹੁਤ ਹੀ ਮਹੱਤਵਪੂਰਣ ਹੁੰਦਾ ਹੈ ਇਸ ਲਈ ਕੋਈ ਵੀ ਗਲਤ ਜਾਣਕਾਰੀ ਭਰਨ ਤੋਂ ਬਚੋ। ਗਲਤ ਜਾਣਕਾਰੀ ਭਰਨ 'ਤੇ ਚੋਣ ਕਮਿਸ਼ਨ ਤੁਹਾਨੂੰ ਜੇਲ ਵੀ ਭੇਜ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣੀ ਰੰਗਦਾਰ ਫੋਟੋ ਜਿਹੜੀ ਕਿ ਸਫੈਦ ਬੈਕਗਰਾਊਂਡ 'ਚ ਹੋਵੇ ਉਹ ਵੀ ਅਪਲੋਡ ਕਰਨੀ ਹੈ।

ਇੰਨੇ ਸਮੇਂ ਅੰਦਰ ਸੋਧ ਸਕਦੇ ਹੋ ਜਾਣਕਾਰੀ 

ਫਾਰਮ ਸੇਵ ਕਰਨ ਤੋਂ ਬਾਅਦ ਇਸ ਫਾਰਮ ਨੂੰ ਸਬਮਿਟ ਕਰਨਾ ਹੈ। ਸਬਮਿਟ ਕਰਨ ਦੇ 15 ਦਿਨਾਂ ਤੱਕ ਤੁਸੀਂ ਆਪਣੀ ਜਾਣਕਾਰੀ ਜਾਂ ਵੇਰਵੇ ਨੂੰ ਸੋਧ ਜਾਂ ਬਦਲ ਸਕਦੇ ਹੋ। ਤੁਸੀਂ ਆਪਣੀ ਵੋਟਰ ਆਈ.ਡੀ. ਕਾਰਡ ਅਰਜ਼ੀ ਦਾ ਸਟੇਟਸ ਆਨਲਾਈਨ ਵੀ ਚੈੱਕ ਕਰ ਸਕਦੇ ਹੋ।

ਇਕ ਮਹੀਨੇ ਵਿਚ ਮਿਲੇਗਾ ਵੋਟਰ ਆਈ.ਡੀ. ਕਾਰਡ

ਜਾਣਕਾਰੀ ਦੇਣ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਤੁਹਾਡੇ ਇਲਾਕੇ ਲਈ ਨਿਯੁਕਤ ਕੀਤਾ ਗਿਆ ਬੂਥ ਪੱਧਰ ਦਾ ਅਫਸਰ(ਬੀ.ਐਲ.ਓ.) ਤੁਹਾਡੇ ਘਰ ਆਵੇਗਾ ਅਤੇ ਜਿਹੜੇ ਦਸਤਾਵੇਜ਼ ਤੁਸੀਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਹਨ ਉਨ੍ਹਾਂ ਦਸਤਾਵੇਜ਼ਾਂ ਦੀ ਜਾਂਛ ਕਰੇਗਾ। ਇਸ ਤੋਂ ਬਾਅਦ ਅਫਸਰ ਇਨ੍ਹਾਂ ਦਸਤਾਵੇਜ਼ਾਂ ਦੀ ਹਾਰਡ ਕਾਪੀ ਨੂੰ ਵੈਰੀਫਾਈ ਕਰਨ ਲਈ ਨਾਲ ਲੈ ਜਾਵੇਗਾ। ਇਸ ਤੋਂ ਬਾਅਦ ਇਕ ਮਹੀਨੇ ਅੰਦਰ ਤੁਹਾਡਾ ਵੋਟਰ ਆਈ.ਡੀ. ਕਾਰਡ ਘਰ ਪਹੁੰਚ ਜਾਵੇਗਾ।

ਬਦਲਵਾ ਸਕਦੇ ਹੋ ਆਪਣੀ ਰਿਹਾਇਸ਼ ਦਾ ਪਤਾ

ਜੇਕਰ ਤੁਹਾਡਾ ਵੋਟਰ ਆਈ.ਡੀ. ਕਾਰਡ ਪਹਿਲਾਂ ਤੋਂ ਬਣਿਆ ਹੋਇਆ ਹੈ ਅਤੇ ਹੁਣ ਤੁਹਾਡੀ ਰਿਹਾਇਸ਼ ਬਦਲ ਗਈ ਹੈ ਤਾਂ ਤੁਸੀਂ ਆਪਣੀ ਮੌਜੂਦਾ ਰਿਹਾਇਸ਼ ਦਾ ਪਤਾ ਆਪਣੇ ਆਈ.ਡੀ. ਕਾਰਡ ਵਿਚ ਦਰਜ ਕਰਵਾ ਸਕਦੇ ਹੋ। ਅਜਿਹਾ ਹੋਣ ਨਾਲ ਤੁਹਾਨੂੰ ਸਿਰਫ ਵੋਟ ਦੇਣ ਲਈ ਆਪਣੇ ਪੁਰਾਣੀ ਰਿਹਾਇਸ਼ ਵੱਲ ਨਹੀਂ ਜਾਣਾ ਪਵੇਗਾ। ਚੋਣ ਕਮਿਸ਼ਨ ਨੇ ਖਾਸਤੌਰ 'ਤੇ ਨੌਕਰੀਪੇਸ਼ਾ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ। ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਲਈ ਛੁੱਟੀ ਲੈ ਕੇ ਨਾ ਜਾਣਾ ਪਵੇ। 

ਵੋਟਰ ਸੂਚੀ ਵਿਚ ਦੇਖ ਸਕਦੇ ਹੋ ਆਪਣਾ ਨਾਮ

ਜੇਕਰ ਤੁਹਾਡੇ ਕੋਲ ਵੋਟਰ ਆਈ.ਡੀ. ਕਾਰਡ ਨਹੀਂ ਹੈ, ਪਰ ਪਹਿਲਾਂ ਤੁਸੀਂ ਵੋਟ ਪਾਉਂਦੇ ਰਹੇ ਹੋ ਤਾਂ ਆਪਣੇ ਨਾਮ ਨੂੰ ਵੋਟਰ ਸੂਚੀ ਵਿਚ ਵੀ ਦੇਖ ਸਕਦੇ ਹੋ। ਇਸ ਲਈ https://electoralsearch.in/##resultArea 'ਤੇ ਜਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਇਸ ਦਾ ਪਤਾ ਲਗਾਉਣ ਲਈ ਤੁਹਾਨੂੰ ਸਿਰਫ ਆਪਣਾ ਨਾਮ, ਪਿਤਾ ਦਾ ਨਾਮ, ਜਨਮ ਤਾਰੀਖ, ਲਿੰਗ, ਸੂਬਾ ਅਤੇ ਸ਼ਹਿਰ ਦੀ ਜਾਣਕਾਰੀ ਦੇਣੀ ਹੋਵੇਗੀ।


Related News