ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ Online ਠੱਗੀ ਦਾ ਸ਼ਿਕਾਰ, ਇਸ ਤਰ੍ਹਾਂ ਕਰੋ ਬਚਾਅ

05/29/2019 1:36:36 PM

ਨਵੀਂ ਦਿੱਲੀ — ਆਨਲਾਈਨ ਲੈਣ-ਦੇਣ ਦਾ ਇਸਤੇਮਾਲ ਲਗਾਤਾਰ ਵਧ ਰਿਹਾ ਹੈ ਪਰ ਇਸ ਦੇ ਨਾਲ ਹੀ ਆਨਲਾਈਨ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਧੋਖਾਧੜੀ ਕਰਨ ਵਾਲੇ ਫੋਨ ਕਾਲ ਜ਼ਰੀਏ ਜਾਂ ਕ੍ਰੈਡਿਟ ਕਾਰਡ ਨੰਬਰ ਜਾਂ ਬੈਂਕ ਡੀਟੇਲ ਤੱਕ ਪਹੁੰਚ ਬਣਾਉਣ ਲਈ ਵੁਆਇਸ-ਓਵਰ-ਇੰਟਰਨੈੱਟ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਅਸੀਂ ਇਸ ਖਬਰ ਜ਼ਰੀਏ ਤੁਹਾਨੂੰ ਦੱਸਾਂਗੇ ਕਿ ਕਿਵੇਂ ਹੁੰਦਾ ਹੈ ਇਸ ਤਕਨੀਕ ਦਾ ਇਸਤੇਮਾਲ ਅਤੇ ਤੁਸੀਂ ਇਸ ਧੋਖਾਧੜੀ ਤੋਂ ਕਿਵੇਂ ਬਚ ਸਕਦੇ ਹੋ।

ਫਿਸ਼ਿੰਗ

ਇਹ ਇੰਟਰਨੈੱਟ ਧੋਖਾਧੜੀ ਦਾ ਉਹ ਤਰੀਕਾ ਹੈ ਜਿਸ 'ਚ ਫਰਜ਼ੀ ਵੈਬਪੇਜ਼ ਜਾਂ ਮੇਲ ਦੇ ਜ਼ਰੀਏ ਲੋਕਾਂ ਤੋਂ ਉਨ੍ਹਾਂ ਦੀ ਵਿਅਕਤੀਗਤ ਅਤੇ ਗੁਪਤ ਸੂਚਨਾਵਾਂ ਧੋਖੇ ਨਾਲ ਲੈ ਲਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪੈਸੇ ਗੈਰਕਾਨੂੰਨੀ ਤਰੀਕੇ ਨਾਲ ਕਢਵਾ ਲਏ ਜਾਂਦੇ ਹਨ। ਦਰਅਸਲ ਯੂਜ਼ਰਜ਼ ਵੈਬਸਾਈਟ ਨੂੰ ਸਹੀ ਸਮਝ ਕੇ ਉਸ 'ਤੇ ਆਪਣੀ ਸਾਰੀ ਮੁਢਲੀ ਜਾਣਕਾਰੀ ਸਾਂਝੀ ਕਰ ਲੈਂਦੇ ਹਨ ਅਤੇ ਬਾਅਦ 'ਚ ਫਰਾਡ ਦਾ ਸ਼ਿਕਾਰ ਹੋ ਜਾਂਦੇ ਹਨ।

ਵਿਸ਼ਿੰਗ 

ਇਸ ਵਿਚ ਜਾਲਸਾਜ਼ ਟੈਲੀ-ਕਾਲਿੰਗ ਦਾ ਇਸਤੇਮਾਲ ਕਰਦੇ ਹਨ। ਫਰਾਡ ਕਰਨ ਵਾਲੇ ਕਾਲ ਦੀ ਵਰਤੋਂ ਕਰਕੇ ਯੂਜ਼ਰਜ਼ ਤੋਂ ਸੰਵੇਦਣਸ਼ੀਲ ਜਾਣਕਾਰੀ ਹਾਸਲ ਕਰ ਲੈਂਦੇ ਹਨ। ਜਿਹੜੇ ਧੋਖੇਬਾਜ਼ ਫੋਨ ਕਾਲ ਕਰਦੇ ਹਨ ਉਹ ਖੁਦ ਨੂੰ ਕਿਸੇ ਕੰਪਨੀ ਜਾਂ ਬੈਂਕ ਨਾਲ ਸੰਬੰਧਿਤ ਕਰਮਚਾਰੀ ਦੱਸਦੇ ਹਨ।

ਕਸਟਮਰ ਕੇਅਰ 'ਤੇ ਫੋਨ ਕਾਲ

ਮੰਨ ਲਓ ਤੁਹਾਨੂੰ ਆਪਣੇ ਬੈਂਕ ਖਾਤੇ ਨੂੰ ਲੈ ਕੇ ਕੋਈ ਸਮੱਸਿਆ ਹੈ। ਤੁਸੀਂ ਬੈਂਕ ਨਾਲ ਜੁੜੇ ਕਿਸੇ ਮਾਮਲੇ ਦੀ ਜਾਣਕਾਰੀ ਜਾਂ ਸਮੱਸਿਆ ਦੇ ਹੱਲ ਲਈ ਕਸਟਮਰ ਕੇਅਰ ਦੇ ਨੰਬਰ ਦੀ ਭਾਲ ਕਰਦੇ ਹੋ ਅਤੇ ਜਿਹੜਾ ਵੀ ਪਹਿਲਾ ਫੋਨ ਨੰਬਰ ਨਜ਼ਰ ਆਉਂਦਾ ਹੈ ਤੁਸੀਂ ਉਸ 'ਤੇ ਕਾਲ ਕਰਦੇ ਹੋ। ਇਸ ਫੋਨ ਕਾਲ 'ਚ ਦੂਜੇ ਪਾਸੇ ਵਾਲਾ ਵਿਅਕਤੀ ਗੱਲਾਂ-ਗੱਲਾਂ ਵਿਚ ਤੁਹਾਡੇ ਕੋਲੋਂ ਸਾਰੀ ਗੁਪਤ ਜਾਣਕਾਰੀ ਇਕੱਠੀ ਕਰ ਲੈਂਦਾ ਹੈ। ਬਾਅਦ ਵਿਚ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ।

ਜ਼ਿਕਰਯੋਗ ਹੈ ਕਿ ਪਾਪ ਅੱਪ ਕਰਨ ਵਾਲੀ ਸੰਖਿਆ ਅਸਲੀ ਨਹੀਂ ਹੁੰਦੀ ਹੈ। ਨਕਲੀ ਨੰਬਰ ਪਾ ਕੇ ਧੋਖੇਬਾਜ਼ ਖੁਦ ਦੀ ਅਸਲੀ ਵੈਬਸਾਈਟ ਹੋਣ ਦਾ ਦਿਖਾਵਾ ਕਰਦੇ ਹਨ। ਧੋਖੇਬਾਜ਼ ਇਸ ਤਰ੍ਹਾਂ ਦੀ ਵੈਬਸਾਈਟ ਨੂੰ ਗੂਗਲ ਵਿਚ ਟਾਪ ਰੈਕਿੰਗ 'ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਕੇ ਉਸਨੂੰ ਸਭ ਤੋਂ ਉੱਪਰ ਲੈ ਆਉਂਦੇ ਹਨ। ਜ਼ਿਆਦਾਤਰ ਅਜਿਹੀ ਧੋਖਾਧੜੀ ਉਸ ਸਮੇਂ ਹੁੰਦੀ ਹੈ ਜਦੋਂ ਲੋਕ ਵੱਡੇ ਬੈਂਕਾਂ ਦੇ ਬ੍ਰਾਂਚ ਨੰਬਰਾਂ ਦੀ ਭਾਲ ਕਰਦੇ ਹਨ।

ਕੀ ਹੈ ਬਚਣ ਦਾ ਤਰੀਕਾ

ਇਸ ਤੋਂ ਬਚਣ ਲਈ ਆਸਾਨ ਤਰੀਕਾ ਹੈ ਕਿ ਤੁਸੀਂ ਕਿਸੇ ਵੀ ਆਪਣੇ ਕਾਰਡ ਦੀ ਜਾਣਕਾਰੀ ਕਿਸੇ ਨਾਲ ਵੀ ਸ਼ੇਅਰ ਨਾ ਕਰੋ, ਕਿਸੇ ਨੂੰ ਵੀ ਕਾਰਡ ਦੀ CVV, ਪਿਨ ਨੰਬਰ ਅਤੇ OTP ਨਾ ਦੱਸੋ ਕਿਉਂਕਿ ਬੈਂਕ ਕਦੇ ਵੀ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਮੰਗਦੇ। ਜੇਕਰ ਅਜਿਹਾ ਕੁਝ ਹੁੰਦਾ ਹੈ ਜਾਂ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਬੈਂਕ ਦੀ ਆਫੀਸ਼ਿਅਲ ਵੈਬਸਾਈਟ 'ਤੇ ਜਾਓ ਅਤੇ ਉਥੇ ਜਾ ਕੇ ਸ਼ਿਕਾਇਤ ਦਰਜ ਕਰਵਾਓ। ਕਈ ਬੈਂਕ ਆਪਣੇ ਐਪ 'ਤੇ ਕਸਟਮਰ ਕੇਅਰ ਦਾ ਨੰਬਰ ਪਾ ਕੇ ਰੱਖਦੇ ਹਨ। ਤੁਸੀਂ ਉਥੋਂ ਵੀ ਫੋਨ ਨੰਬਰ ਲੈ ਸਕਦੇ ਹੋ।
ਧਿਆਨ ਰੱਖੋ ਕਿ ਕਈ ਐਪ ਵੀ ਨਕਲੀ ਹੁੰਦੇ ਹਨ। ਜੇਕਰ ਤੁਸੀਂ ਇੰਟਰਨੈੱਟ 'ਤੇ ਬਿਲਕੁੱਲ ਨਵੇਂ ਹੋ ਤਾਂ ਕਿਸੇ ਵੀ SMS, Emails   ਅਤੇ  Whatsapp ਦੇ ਜ਼ਰੀਏ ਕੋਈ ਵੀ ਮੈਸੇਜ ਆਏ ਤਾਂ ਉਨ੍ਹਾਂ ਦਾ ਜਵਾਬ ਨਾ ਦਿਓ।


Related News