ਆਨਲਾਈਨ ਗੇਮਿੰਗ ਦਾ ਸ਼ਿਕਾਰ ਹੁੰਦੇ ਬੱਚੇ
Monday, May 27, 2024 - 06:56 PM (IST)

ਮੌਜੂਦਾ ਸਮੇਂ ’ਚ ਬੱਚੇ ਆਨਲਾਈਨ ਗੇਮਿੰਗ ਦਾ ਸ਼ਿਕਾਰ ਹੋ ਰਹੇ ਹਨ। ਬੱਚੇ ਆਪਣੇ ਮਾਪਿਆਂ ਦੇ ਉਲਟ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਬੱਚਿਆਂ ਨੂੰ ਗੇਮ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਹਿੰਸਕ ਹੁੰਦੇ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਇਨ੍ਹਾਂ ਖੇਡਾਂ ਦੇ ਆਦੀ ਹੋਣ ਕਾਰਨ ਹਮਲਾਵਰ ਹੋ ਜਾਂਦੇ ਹਨ। ਆਪਣੀਆਂ ਭਾਵਨਾਵਾਂ ’ਤੇ ਉਨ੍ਹਾਂ ਦਾ ਕੰਟਰੋਲ ਖਤਮ ਹੋ ਜਾਂਦਾ ਹੈ। ਚੰਗੇ-ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਇਨ੍ਹਾਂ ਖੇਡਾਂ ਦੇ ਨਾਇਕਾਂ ਦੇ ‘ਐਕਸ਼ਨ’ ਅਕਸਰ ਹਿੰਸਾ ਨਾਲ ਭਰੇ ਹੁੰਦੇ ਹਨ।
ਨਾਇਕ ਹੱਥਾਂ ’ਚ ਬੰਦੂਕ ਅਤੇ ਪਿਸਤੌਲ ਲਈ ਹੁੰਦੇ ਹਨ ਅਤੇ ਕਿਸੇ ਨੂੰ ਵੀ ਉਡਾ ਦਿੰਦੇ ਹਨ। ਜਦੋਂ ਉਹ ਲਗਾਤਾਰ ਇਨ੍ਹਾਂ ਨੂੰ ਖੇਡਦੇ ਹਨ ਤਾਂ ਉਨ੍ਹਾਂ ਨੂੰ ਆਦਤ ਪੈ ਜਾਂਦੀ ਹੈ। ਆਦਤਾਂ ਆਸਾਨੀ ਨਾਲ ਨਹੀਂ ਛੱਡੀਆਂ ਜਾਂਦੀਆਂ। ਅਜਿਹੇ ’ਚ ਜੋ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਨੂੰ ਖੇਡਣ ਤੋਂ ਰੋਕਦਾ ਹੈ, ਉਹ ਜਾਂ ਤਾਂ ਉਸ ਨੂੰ ਖਤਮ ਕਰ ਦਿੰਦੇ ਹਨ, ਖਤਮ ਕਰਨ ਦੀ ਸੋਚਦੇ ਹਨ ਜਾਂ ਖੁਦ ਹੀ ਜਾਨ ਦੇ ਦਿੰਦੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਘਰ ਦੇ ਵੱਡੇ ਲੋਕ ਵੀ ਅਜਿਹੀ ਖੇਡ ਖੇਡਦੇ ਹਨ। ਬੱਚੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਦੇ ਦੇਖਦੇ ਹਨ, ਤਾਂ ਉਹ ਵੀ ਇਨ੍ਹਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਹਨ।
ਪਹਿਲਾਂ ਲੁਕ-ਲੁਕ ਕੇ, ਫਿਰ ਖੁੱਲ੍ਹੇਆਮ। ਮਾਤਾ-ਪਿਤਾ ਦੀ ਅਣਦੇਖੀ ਵੀ ਇਸ ਦਾ ਵੱਡਾ ਕਾਰਨ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੱਜਕਲ ਦੀਆਂ ਗੇਮਾਂ ਕਾਫੀ ਹਮਲਾਵਰ ਹੁੰਦੀਆਂ ਹਨ, ਜੋ ਬੱਚਾ ਇਸ ਨੂੰ ਖੇਡਦਾ ਹੈ ਉਹ ਰਿਐਲਿਟੀ ਅਤੇ ਵਰਚੁਅਲ ਦੁਨੀਆ ਦਰਮਿਆਨ ਫਰਕ ਨਹੀਂ ਕਰ ਸਕਦਾ ਅਤੇ ਖੁਦ ਨੂੰ ਉਸ ਵਰਚੁਅਲ ਦੁਨੀਆ ਦਾ ਹੀ ਹਿੱਸਾ ਮੰਨ ਲੈਂਦਾ ਹੈ। ਇਸ ਦੇ ਲਈ ਪੇਰੈਂਟਿੰਗ, ਖਾਣ-ਪੀਣ, ਲਾਈਫ ਸਟਾਈਲ ਅਤੇ ਦੋਸਤ ਜ਼ਿੰਮੇਵਾਰ ਹਨ।
ਇਕ ਪਾਸੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਤੋਂ ਦੂਰ ਰੱਖੋ, ਜੋ ਉਨ੍ਹਾਂ ਨੂੰ ਹਿੰਸਕ ਬਣਾਉਂਦੀਆਂ ਹਨ ਪਰ ਵਪਾਰ ਅਤੇ ਬਾਜ਼ਾਰ ਨੂੰ ਦੇਖੋ ਕਿ ਉਹ ਉਨ੍ਹਾਂ ਨੂੰ ਅਜਿਹੇ ਖਿਡੌਣੇ ਅਤੇ ਆਨਲਾਈਨ ਖੇਡਾਂ ਉਪਲੱਬਧ ਕਰਵਾਉਂਦਾ ਹੈ ਜੋ ਵੱਧ ਤੋਂ ਵੱਧ ਹਿੰਸਾ ਨਾਲ ਭਰੇ ਹੁੰਦੇ ਹਨ। ਇਕ ਅੰਦਾਜ਼ੇ ਅਨੁਸਾਰ ਆਨਲਾਈਨ ਖੇਡਾਂ ਦਾ ਕਾਰੋਬਾਰ ਇਸ ਸਾਲ ਦੇ ਅਖੀਰ ਤੱਕ 11900 ਕਰੋੜ ਤੋਂ ਵੀ ਵੱਧ ਅਤੇ ਦੁਨੀਆ ਭਰ ’ਚ 2025 ਤੱਕ ਇਸ ਦਾ ਕਾਰੋਬਾਰ 12205 ਕਰੋੜ ਤੋਂ ਵੱਧ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ। ਭਾਰਤ ’ਚ ਆਨਲਾਈਨ ਖੇਡਾਂ ਦਾ ਕਾਰੋਬਾਰ ਲਗਭਗ 29 ਲੱਖ ਅਮਰੀਕੀ ਡਾਲਰ ਦਾ ਹੈ।
ਹਿੰਸਕ ਵਿਵਹਾਰ ਬੱਚਿਆਂ ਦੇ ਦਿਮਾਗ ਦੀ ਲਾਈਫ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਬੱਚਿਆਂ ਦੇ ਹਿੰਸਕ ਵਿਵਹਾਰ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਭਵਿੱਖ ’ਚ ਇਸ ਦੇ ਗੰਭੀਰ ਨਤੀਜੇ ਵੀ ਹੋ ਸਕਦੇ ਹਨ। ਇਹ ਹਿੰਸਕ ਵਿਵਹਾਰ ਮੈਡੀਕਲ ਪ੍ਰਾਬਲਮ ਅਤੇ ਲਾਈਫ ਪ੍ਰਾਬਲਮ ਵੱਲ ਇਸ਼ਾਰਾ ਕਰਦੇ ਹਨ, ਇਸ ਲਈ ਮਾਤਾ-ਪਿਤਾ ਨੂੰ ਬੱਚੇ ਦੇ ਹਿੰਸਕ ਵਿਵਹਾਰ ਦਾ ਕਾਰਨ ਜਾਣਨਾ ਚਾਹੀਦਾ ਹੈ ਅਤੇ ਰੋਕਣ ਜਾਂ ਸੁਧਾਰਨ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਹਿੰਸਕ ਵਿਵਹਾਰ ਨੂੰ ਨੋਟਿਸ ਕਰਨ ਤੋਂ ਬਾਅਦ ਜੇਕਰ ਉਸ ’ਤੇ ਧਿਆਨ ਨਾ ਦਿੱਤਾ ਜਾਏ ਤਾਂ ਉਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਬੱਚਿਆਂ ਦੀ ਉਮਰ ਦੇ ਆਧਾਰ ’ਤੇ ਉਨ੍ਹਾਂ ਦਾ ਹਿੰਸਕ ਵਿਵਹਾਰ ਕਿਸੇ ਨੂੰ ਮਾਰਨ, ਚੀਕਣ, ਗੱਲ-ਗੱਲ ’ਤੇ ਗੁੱਸਾ ਹੋਣ ਵਰਗੀਆਂ ਅਪਰਾਧਿਕ ਹਰਕਤਾਂ ਕਰਨਾ ਵੀ ਹੋ ਸਕਦਾ ਹੈ। ਬੱਚਿਆਂ ਦੇ ਸਾਹਮਣੇ ਆਉਣ ਵਾਲੇ ਕੁਝ ਕਾਰਕ ਉਨ੍ਹਾਂ ਦੇ ਹਿੰਸਕ ਵਿਵਹਾਰ ਨੂੰ ਹੋਰ ਵੀ ਵਧਾ ਸਕਦੇ ਹਨ।
ਮਾਹਿਰ ਚਿਤਾਵਨੀ ਦਿੰਦੇ ਹਨ ਕਿ ਕਿਸੇ ਵੀ ਉਮਰ ’ਚ ਬੱਚਿਆਂ ਦੇ ਹਿੰਸਕ ਵਿਵਹਾਰ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ। ਬੱਚਿਆਂ ’ਚ ਹਿੰਸਕ ਵਿਵਹਾਰ ਦੇ ਸੰਕੇਤ ਜਿਵੇਂ ਗਲਤ ਭਾਸ਼ਾ ਦੀ ਵਰਤੋਂ ਕਰਨਾ, ਸਮਝਾਉਣ ’ਤੇ ਵੀ ਗੁੱਸਾ ਕਰਨਾ, ਕੋਈ ਵੀ ਗੱਲ ਸਮਝਾਉਣ ’ਤੇ ਚੀਜ਼ਾਂ ਸੁੱਟਣ ਲੱਗਣਾ, ਮਾਪਿਆਂ ਨੂੰ ਹੀ ਮਾਰਨ ਦੌੜਨਾ, ਲੋਕਾਂ ਬਾਰੇ ਗਲਤ ਬੋਲਣਾ, ਗਲਤ ਆਦਤਾਂ ’ਚ ਪੈਣਾ, ਭਰਾ-ਭੈਣ ਦੇ ਲਈ ਪਿਆਰ ਨਾ ਰੱਖਣਾ, ਲੜਾਕੂ ਪ੍ਰਵਿਰਤੀ ਦਾ ਹੋਣਾ, ਹਮੇਸ਼ਾ ਉਦਾਸ ਰਹਿਣਾ, ਸੰਵੇਦਨਸ਼ੀਲ ਅਤੇ ਚਿੜਚਿੜੇ ਰਹਿਣਾ, ਵਾਰ-ਵਾਰ ਜੋਸ਼ ’ਚ ਆਉਣਾ ਤੁਹਾਨੂੰ ਨਜ਼ਰ ਆ ਸਕਦੇ ਹਨ।
ਸਿੰਗਲ ਪਰਿਵਾਰਾਂ ’ਚ ਮਾਪੇ ਇੰਨੇ ਰੁੱਝੇ ਹੁੰਦੇ ਹਨ ਕਿ ਉਨ੍ਹਾਂ ਕੋਲ ਬੱਚਿਆਂ ਨਾਲ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ। ਉਹ ਅਕਸਰ ਇਸ ਗੱਲ ’ਤੇ ਵੀ ਨਜ਼ਰ ਨਹੀਂ ਰੱਖ ਸਕਦੇ ਕਿ ਬੱਚੇ ਕੀ ਕਰ ਰਹੇ ਹਨ, ਕੀ ਖੇਡ ਰਹੇ ਹਨ, ਉਨ੍ਹਾਂ ਦੇ ਦੋਸਤ ਕਿਹੜੇ-ਕਿਹੜੇ ਹਨ। ਦੋਸਤਾਂ ਨਾਲ ਵੀ ਬੱਚੇ ਆਨਲਾਈਨ ਖੇਡਾਂ ਖੇਡਦੇ ਹਨ। ਦੋਸਤ ਉਨ੍ਹਾਂ ਨੂੰ ਚਿੜਾਉਂਦੇ ਵੀ ਹਨ ਕਿ ‘‘ਓ! ਤੁਹਾਡੇ ਮਾਪੇ ਕਿਹੋ ਜਿਹੇ ਹਨ ਜੋ ਤੁਹਾਨੂੰ ਆਨਲਾਈਨ ਗੇਮ ਵੀ ਨਹੀਂ ਖੇਡਣ ਦਿੰਦੇ।’’
ਇਸ ਨਾਲ ਬੱਚਿਆਂ ’ਚ ਹੀਣਤਾ ਅਤੇ ਆਪਣੇ ਘਰ ਵਾਲਿਆਂ ਪ੍ਰਤੀ ਨਫਰਤ ਦਾ ਭਾਵ ਪੈਦਾ ਹੁੰਦਾ ਹੈ ਜੋ ਅਪਰਾਧ ਦੇ ਰੂਪ ’ਚ ਬਾਹਰ ਨਿਕਲਦਾ ਹੈ। ਹਿੰਸਕ ਤਰੀਕੇ ਨਾਲ ਵਿਵਹਾਰ ਕਰਨ ਵਾਲੇ ਬੱਚਿਆਂ ’ਚ ਕੋਈ ਨਾ ਕੋਈ ਅਜਿਹਾ ਕਾਰਨ ਨਜ਼ਰ ਆਉਂਦਾ ਹੈ ਜੋ ਉਨ੍ਹਾਂ ਦੇ ਇਸ ਵਿਵਹਾਰ ਨੂੰ ਵਧਾਉਂਦਾ ਹੈ। ਫਿਜ਼ੀਕਲ, ਓਰਲ ਜਾਂ ਸੈਕਸੂਅਲ ਦੇ ਰੂਪ ’ਚ ਗਲਤ ਵਿਵਹਾਰ, ਘਰੇਲੂ ਵਾਤਾਵਰਣ ਨਾ ਮਿਲਣਾ, ਮਾਪਿਆਂ ਵਲੋਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤਾ ਜਾਣਾ। ਦਰਦਨਾਕ ਘਟਨਾ ਹੋਣ ਜਾਂ ਫਿਰ ਸਟ੍ਰੈੱਸ ਹੋਣਾ, ਬੱਚਿਆਂ ਨੂੰ ਧਮਕਾਉਣਾ, ਫੈਮਿਲੀ ਪ੍ਰਾਬਲਮ, ਨਸ਼ੀਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਅਤੇ ਹੋਰ ਗਲਤ ਚੀਜ਼ਾਂ ਦੀ ਵਰਤੋਂ ਨਾਲ ਬੱਚਿਆਂ ’ਚ ਹਮਲਾਵਰਤਾ ਵਧ ਸਕਦੀ ਹੈ ਅਤੇ ਉਹ ਹਿੰਸਕ ਹੋ ਸਕਦੇ ਹਨ। ਕਈ ਵਾਰ ਟੀ. ਵੀ. ’ਤੇ ਹਿੰਸਕ ਪ੍ਰੋਗਰਾਮ ਦੇਖਣ ਆਦਿ ਨਾਲ ਬੱਚਿਆਂ ’ਚ ਹਿੰਸਕ ਵਿਵਹਾਰ ਵਧ ਜਾਂਦਾ ਹੈ। ਘਰ ’ਚ ਲਗਾਤਾਰ ਬੰਦੂਕਾਂ, ਚਾਕੂ ਆਦਿ ਨੂੰ ਦੇਖਦੇ ਰਹਿਣ ਨਾਲ ਵੀ ਬੱਚਿਆਂ ਦਾ ਵਿਵਹਾਰ ਹਿੰਸਕ ਹੋ ਜਾਂਦਾ ਹੈ।
ਜਦੋਂ ਵੀ ਮਾਤਾ-ਪਿਤਾ ਜਾਂ ਹੋਰ ਘਰ ਦੇ ਮੈਂਬਰ ਦੇਖਣ ਕਿ ਉਨ੍ਹਾਂ ਦਾ ਬੱਚਾ ਜਾਂ ਭਰਾ-ਭੈਣ ਦਾ ਬੱਚਾ ਹਿੰਸਕ ਵਿਵਹਾਰ ਕਰ ਰਿਹਾ ਹੈ ਤਾਂ ਉਸ ਨੂੰ ਤੁਰੰਤ ਕਿਸੇ ਮੈਂਟਲ ਹੈਲਥ ਐਕਸਪਰਟ ਕੋਲ ਲੈ ਜਾਣਾ ਚਾਹੀਦਾ ਹੈ। ਕਿਸੇ ਪ੍ਰੋਫੈਸ਼ਨਲ ਡਾਕਟਰ ਵਲੋਂ ਕੀਤਾ ਗਿਆ ਇਲਾਜ ਉਸ ਦੇ ਵਿਵਹਾਰ ਨੂੰ ਦੂਰ ਕਰਨ ’ਚ ਮਦਦ ਕਰ ਸਕਦਾ ਹੈ। ਬੱਚਿਆਂ ਨੂੰ ਮੈਂਟਲ ਹੈਲਥ ਐਕਸਪਰਟ ਵਲੋਂ ਗੁੱਸੇ ’ਤੇ ਕੰਟਰੋਲ ਕਰਨਾ, ਮਨ ਦੀਆਂ ਗੱਲਾਂ ਨੂੰ ਦੱਸਣਾ, ਸੰਘਰਸ਼ ਕਰਨਾ, ਨੈਗੇਟਿਵ ਗੱਲਾਂ ਨੂੰ ਦੂਰ ਕਰਨਾ, ਪਾਜ਼ੇਟਿਵ ਗੱਲਾਂ ਨੂੰ ਸੋਚਣਾ ਆਦਿ ਬਾਰੇ ਦੱਸਿਆ ਜਾ ਸਕਦਾ ਹੈ।
ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ