ਆਨਲਾਈਨ ਸ਼ੇਅਰਾਂ ਦੀ ਖਰੀਦ-ਫਰੋਖਤ ਕਰਨ ਵਾਲੇ ਹੋ ਜਾਓ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਅਜਿਹੀ ਠੱਗੀ ਦੇ ਸ਼ਿਕਾਰ

Friday, Jun 14, 2024 - 05:17 PM (IST)

ਆਨਲਾਈਨ ਸ਼ੇਅਰਾਂ ਦੀ ਖਰੀਦ-ਫਰੋਖਤ ਕਰਨ ਵਾਲੇ ਹੋ ਜਾਓ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਅਜਿਹੀ ਠੱਗੀ ਦੇ ਸ਼ਿਕਾਰ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਮੁੰਬਈ ਵਿਚ ਇਕ ਸਾਫ਼ਟਵੇਅਰ ਇੰਜੀਨੀਅਰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨਾਲ ਆਨਲਾਈਨ ਸ਼ੇਅਰਾਂ ਦੀ ਖਰੀਦੋ-ਫਰੋਖਤ 'ਚ ਨਿਵੇਸ਼ ਦੇ ਨਾਂ 'ਤੇ ਧੋਖਾਧੜੀ ਕਰਨ ਦੇ ਦੋਸ਼ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੀੜਤ ਨੂੰ ਇਸ ਨਾਲ 5.14 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਟਿਊਸ਼ਨ ਅਧਿਆਪਕ ਅਤੇ ਚੌਕੀਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਹਾਂ 'ਤੇ ਵਿੱਤੀ ਲੈਣ-ਦੇਣ ਲਈ ਸਾਈਬਰ ਧੋਖੇਬਾਜ਼ਾਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਮੁੰਬਈ ਦੇ ਸਾਕੀਨਾਕਾ ਦੇ ਰਹਿਣ ਵਾਲੇ ਇਕ ਸਾਫਟਵੇਅਰ ਇੰਜੀਨੀਅਰ ਵੱਲੋਂ ਅਪ੍ਰੈਲ 'ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਾਈਬਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੂੰ ਜਨਵਰੀ 'ਚ ਆਨਲਾਈਨ ਸ਼ੇਅਰ ਵਪਾਰੀਆਂ ਦੇ ਇਕ ਵਟਸਐਪ ਗਰੁੱਪ 'ਚ ਜੋੜਿਆ ਗਿਆ ਸੀ ਅਤੇ ਫਿਰ ਉਸ ਨੇ ਵੀ ਸ਼ੇਅਰਾਂ ਦੀ ਖਰੀਦੋ-ਫਰੋਖਤ ਕਰਕੇ ਨਿਵੇਸ਼ ਕਰਨ ਦੀ ਇੱਛਾ ਜਤਾਈ। ਜਿਸ ਤੋਂ ਬਾਅਦ ਉਸ ਨੂੰ ਫੋਨ ਆਇਆ ਅਤੇ ਟ੍ਰੇਨਿੰਗ ਲੈਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਕ ਐਪਲੀਕੇਸ਼ਨ ਡਾਊਨਲੋਡ ਕੀਤੀ ਅਤੇ ਉਸ ਦਾ ‘ਵਰਚੁਅਲ ਅਕਾਊਂਟ’ ਬਣ ਗਿਆ।

ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ੇਅਰਾਂ ਦੀ ਖਰੀਦ-ਫਰੋਖਤ 'ਚ ਪੈਸਾ ਲਗਾਇਆ ਅਤੇ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਪੈਸਾ ਲਗਾਉਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 2 ਮਹੀਨਿਆਂ 'ਚ ਵੱਖ-ਵੱਖ ਬੈਂਕ ਖਾਤਿਆਂ 'ਚ 5.14 ਕਰੋੜ ਰੁਪਏ ਟਰਾਂਸਫਰ ਕੀਤੇ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ 'ਵਰਚੁਅਲ ਅਕਾਊਂਟ' ਤੋਂ ਇਹ ਪਤਾ ਲੱਗਾ ਕਿ ਆਨਲਾਈਨ ਸ਼ੇਅਰਾਂ ਦੀ ਖਰੀਦ-ਫਰੋਖਤ 'ਚ ਪੈਸਾ ਨਿਵੇਸ਼ ਕਰਨ ਨਾਲ ਉਨ੍ਹਾਂ ਨੂੰ ਮੁਨਾਫ਼ਾ ਹੋਇਆ ਸੀ ਅਤੇ ਉਨ੍ਹਾਂ ਦੇ ਖਾਤੇ 'ਚ 87.85 ਕਰੋੜ ਰੁਪਏ ਸੀ। ਹਾਲਾਂਕਿ ਉਹ ਇਹ ਰਕਮ ਕੱਢ ਨਹੀਂ ਸਕੇ ਸਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ, ਜਿਨ੍ਹਾਂ 'ਚ ਪੀੜਤਾਂ ਨੇ ਆਪਣਾ ਪੈਸਾ ਜਮ੍ਹਾ ਕੀਤਾ ਸੀ ਅਤੇ ਉਨ੍ਹਾਂ 'ਚੋਂ ਇਕ ਖਾਤਾ ਚੌਕੀਦਾਰ ਹਮਪ੍ਰੀਤ ਸਿੰਘ ਰੰਧਾਵਾ (34) ਦਾ ਸੀ। ਅਧਿਕਾਰੀ ਨੇ ਦੱਸਿਆ ਕਿ ਵਿਰਾਰ ਵਾਸੀ ਰੰਧਾਵਾ ਨੇ ਪੁਲਸ ਨੂੰ ਦੱਸਿਆ ਕਿ ਟਿਊਸ਼ਨ ਟੀਚਰ ਵਿਮਲ ਪ੍ਰਕਾਸ਼ ਗੁਪਤਾ (45) ਨੇ ਮੇਰੇ ਨਾਂ 'ਤੇ ਬੈਂਕ ਖਾਤਾ ਖੋਲ੍ਹ ਕੇ ਇਸ ਨੂੰ ਸਾਈਬਰ ਜਾਲਸਾਜ਼ਾਂ ਨੂੰ ਵਿੱਤੀ ਲੈਣ-ਦੇਣ ਲਈ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਗੁਪਤਾ ਨੂੰ ਗੋਰੇਗਾਂਵ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਗੁਪਤਾ ਦਾ 'ਟੈਲੀਗ੍ਰਾਮ ਐਪ' ਰਾਹੀਂ ਸਾਈਬਰ ਧੋਖੇਬਾਜ਼ਾਂ ਨਾਲ ਸੰਪਰਕ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਧੋਖੇਬਾਜ਼ਾਂ ਨੇ ਵਿੱਤੀ ਲੈਣ-ਦੇਣ ਲਈ ਬੈਂਕ ਖਾਤੇ ਖੋਲ੍ਹਣ 'ਚ ਉਨ੍ਹਾਂ ਦੀ ਮਦਦ ਕਰਨ ਲਈ ਗੁਪਤਾ ਨੂੰ ਪੈਸੇ ਦੇਣ ਦੀ ਗੱਲ ਕਹੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News