ਆਪਣੇ ਨਾਂ 'ਤੇ ਘਰ ਹੈ ਤਾਂ ਬੁਢਾਪੇ 'ਚ ਮਿਲ ਸਕਦੀ ਹੈ ਰੈਗੂਲਰ ਪੈਨਸ਼ਨ, ਜਾਣੋ ਤਰੀਕਾ

08/08/2019 1:55:09 PM

ਨਵੀਂ ਦਿੱਲੀ — ਕਈ ਵਾਰ ਸੀਨੀਅਰ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਨਿਯਮਿਤ ਆਮਦਨ ਲਈ ਰਿਵਰਸ ਮੋਰਗੇਜ ਦਾ ਇਸਤੇਮਾਲ ਕਰ ਸਕਦੇ ਹਨ ਕਿਉਂਕਿ ਸੀਨੀਅਰ ਨਾਗਰਿਕਾਂ ਕੋਲ ਕਈ ਵਾਰ ਅੱਗੇ ਦਾ ਜੀਵਨ ਜੀਣ ਲਈ ਪੈਸੇ ਨਹੀਂ ਹੁੰਦੇ। ਇਸ ਲਈ ਉਨ੍ਹਾਂ ਲਈ ਰਿਵਰਸ ਮੋਰਗੇਜ ਬਿਹਤਰ ਵਿਕਲਪ ਸਾਬਤ ਹੁੰਦਾ ਹੈ। 

ਕੀ ਹੁੰਦਾ ਹੈ ਰਿਵਰਸ ਮੋਰਗੇਜ

ਇਸ ਨੂੰ ਇਸ ਤਰ੍ਹਾਂ ਨਾਲ ਸਮਝਦੇ ਹਾਂ। ਹੋਮ ਲੋਨ ਲੈਣ ਲਈ ਘਰ ਦੇ ਸਾਰੇ ਦਸਤਾਵਜ਼ ਬੈਂਕ ਵਿਚ ਜਮ੍ਹਾਂ ਕਰਵਾਉਣ 'ਤੇ ਲੋਨ ਮਿਲ ਜਾਂਦਾ ਹੈ। ਫਿਰ ਉਸ ਲੋਨ ਨੂੰ ਚੁਕਾਉਣ ਲਈ ਹਰ ਮਹੀਨੇ ਕਿਸ਼ਤ ਭਰਨੀ ਹੁੰਦੀ ਹੈ, ਜਿਸ ਨੂੰ ਈ.ਐਮ.ਆਈ. ਕਿਹਾ ਜਾਂਦਾ ਹੈ। ਇਨ੍ਹਾਂ ਕਿਸ਼ਤਾਂ ਨੂੰ ਲੋਨ ਦੀ ਰਾਸ਼ੀ ਵਿਆਜ ਸਮੇਤ ਪੂਰੀ ਹੋਣ ਤੱਕ ਚੁਕਾਉਣਾ ਹੁੰਦਾ ਹੈ।

ਦੂਜੇ ਪਾਸੇ ਰਿਵਰਸ ਮਾਰਗੇਜ ਲੋਨ ਨੂੰ ਲੈਣ ਲਈ ਬੈਂਕ ਤੁਹਾਡੇ ਘਰ ਨੂੰ ਗਿਰਵੀ ਰੱਖ ਲੈਂਦਾ ਹੈ। ਫਿਰ ਬੈਂਕ ਹਰ ਮਹੀਨੇ ਤੁਹਾਨੂੰ ਪੈਸੇ ਦਿੰਦੇ ਰਹਿੰਦੇ ਹਨ। ਬਿਨੈਕਾਰ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਹ ਘਰ ਬੈਂਕ ਦਾ ਹੋ ਜਾਂਦਾ ਹੈ।

ਜਾਣੋ ਕਿਵੇਂ ਮਿਲਦਾ ਹੈ ਘਰ 'ਤੇ ਲੋਨ

ਇਸ ਸਕੀਮ ਦੇ ਤਹਿਤ ਮਾਲਿਕ ਨੂੰ ਬੈਂਕ ਨੂੰ ਪੈਸਾ ਵਾਪਸ ਨਹੀਂ ਕਰਨਾ ਹੁੰਦਾ ਹੈ। ਬੈਂਕ ਤੁਹਾਡੇ ਘਰ ਨੂੰ ਗਿਰਵੀ ਰੱਖ ਕੇ ਹਰ ਮਹੀਨੇ ਪੈਸੇ ਦਿੰਦਾ ਹੈ। ਪੈਸਾ ਕਿੰਨਾ ਮਿਲੇਗਾ ਇਸ ਦਾ ਫੈਸਲਾ ਘਰ ਦੀ ਕੀਮਤ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਘਰ ਦੀ ਕੁੱਲ ਕੀਮਤ 'ਤੇ 60 ਫੀਸਦੀ ਤੱਕ ਦਾ ਲੋਨ ਮਿਲ ਸਕਦਾ ਹੈ। ਇਸ ਦੇ ਨਾਲ ਹੀ ਮਾਲਿਕ ਆਪਣੇ ਘਰ ਵਿਚ ਰਹਿ ਵੀ ਸਕਦਾ ਹੈ। ਰਿਵਰਸ ਮਾਰਗੇਜ ਸਕੀਮ ਦੇ ਤਹਿਤ ਆਪਣਾ ਘਰ ਗਿਰਵੀ ਰੱਖਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਘਰ ਬੈਂਕ ਦਾ ਹੋ ਜਾਂਦਾ ਹੈ। ਜੇਕਰ ਘਰ ਗਿਰਵੀ ਰੱਖਣ ਵਾਲੇ ਦੇ ਪਰਿਵਾਰ ਵਾਲੇ ਘਰ ਲੈਣਾ ਚਾਹੁੰਦੇ ਹਨ ਤਾਂ ਘਰ ਦੀ ਕੀਮਤ ਦੇ ਕੇ ਘਰ ਨੂੰ ਖਰੀਦਿਆ ਜਾ ਸਕਦਾ ਹੈ। 
ਇਸ ਸਕੀਮ ਦੇ ਤਹਿਤ ਬੈਂਕ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਲੋਨ ਦਿੰਦਾ ਹੈ। ਕੁਝ ਬੈਂਕ ਹਨ ਜਿਹੜੇ 72 ਸਾਲ ਦੀ ਉਮਰ ਪਾਰ ਕਰਨ 'ਤੇ ਇਹ ਲੋਨ ਨਹੀਂ ਦਿੰਦੇ। ਇਹ ਲੋਨ 15 ਸਾਲ ਤੱਕ ਲਈ ਹੀ ਮਿਲਦਾ ਹੈ। ਜੇਕਰ ਪਤੀ-ਪਤਨੀ ਦੋਵੇਂ ਇਸ ਲਈ ਅਪਲਾਈ ਕਰਦੇ ਹਨ ਤਾਂ ਪਤੀ ਦੀ ਉਮਰ 60 ਸਾਲ ਅਤੇ ਪਤਨੀ ਦੀ ਉਮਰ 58 ਸਾਲ ਹੋਣੀ ਜ਼ਰੂਰੀ ਹੈ। 

ਭਾਰਤ ਵਿਚ ਇਸ ਲੋਨ ਨੂੰ ਬਹੁਤ ਘੱਟ ਲੋਕ ਲੈਂਦੇ ਹਨ। ਕਈ ਸੀਨੀਅਰ ਸਿਟੀਜ਼ਨਜ਼ ਨੂੰ ਇਸ ਸਕੀਮ ਬਾਰੇ ਜਾਣਕਾਰੀ ਵੀ ਨਹੀਂ ਹੋਵੇਗੀ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਖਰਚ ਨੂੰ ਚਲਾਉਂਦੇ ਹੋਣਗੇ।  ਜਿਸ ਕਾਰਨ ਭਾਰਤ ਦੇਸ਼ ਦੇ ਬਜ਼ੁਰਗਾਂ ਨੂੰ ਇਸ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਵੀ ਇਹ ਲੋਨ ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਲਈ ਉਪਯੋਗੀ ਹੈ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਪਰਿਵਾਰ 'ਚ ਉਨ੍ਹਾਂ ਦੇ ਬੱਚੇ ਵੱਖਰੇ ਰਹਿੰਦੇ ਹਨ ਅਤੇ ਖਰਚਾ ਵੀ ਨਹੀਂ ਦਿੰਦੇ। ਅਜਿਹੇ 'ਚ ਇਹ ਲੋਨ ਕਈ ਬਜ਼ੁਰਗਾਂ ਲਈ ਵੱਡਾ ਸਹਾਰਾ ਬਣ ਸਕਦਾ ਹੈ।
 


Related News