ਪੋਸਟ ਆਫਿਸ RD ਜਾਂ ਬੈਂਕ RD ਦੇ ਕੀ ਹਨ ਫਾਇਦੇ, ਜਾਣੋ

02/19/2019 1:15:21 PM

ਨਵੀਂ ਦਿੱਲੀ — ਦੇਸ਼ ਭਰ ਦੇ ਸਾਰੇ ਬੈਂਕਾਂ ਦੇ ਨਾਲ-ਨਾਲ ਡਾਕ ਖਾਣਾ ਵੀ ਰਿਕਰਿੰਗ ਡਿਪਾਜ਼ਿਟ(RD) ਦੀ ਪੇਸ਼ਕਸ਼ ਕਰਦਾ ਹੈ ਜਿਹੜੀ ਕਿ  ਟਰਮ ਡਿਪਾਜ਼ਿਟ ਦਾ ਹੀ ਇਕ ਰੂਪ ਹੈ। ਇਸ ਸਕੀਮ ਜ਼ਰੀਏ ਇਕ ਨਿਸ਼ਚਿਤ ਰਾਸ਼ੀ ਨੂੰ ਸਮੇਂ-ਸਮੇਂ 'ਤੇ ਜਮ੍ਹਾ ਕੀਤਾ ਜਾ ਸਕਦਾ ਹੈ। ਇਹ RD ਆਮ ਤੌਰ 'ਤੇ 6 ਮਹੀਨੇ ਤੋਂ ਲੈ ਕੇ 10 ਸਾਲ ਤੱਕ ਦੀ ਮਿਆਦ ਦੀ ਹੋ ਸਕਦੀ ਹੈ। RD ਇਸ ਲਈ ਵੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਇਹ ਨਿਵੇਸਕਾਂ ਨੂੰ ਜੋਖਮ ਰਹਿਤ ਨਿਵੇਸ਼ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਲਈ ਮਾਹਰ ਪੋਸਟ ਆਫਿਸ ਜਾਂ ਬੈਂਕ RD ਦੀ ਚੋਣ ਕਰਨ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਇਸ ਤੁਹਾਨੂੰ ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ ਅਤੇ ਬੈਂਕ ਰਿਕਰਿੰਗ ਡਿਪਾਜ਼ਿਟ ਬਾਰੇ ਦੱਸ ਰਹੇ ਹਾਂ।

ਬੈਂਕ ਰਿਕਰਿੰਗ ਡਿਪਾਜ਼ਿਟ

ਬੈਂਕ RD 'ਤੇ ਵਿਆਜ ਦੀਆਂ ਦਰਾਂ 7.25 ਫੀਸਦੀ ਤੋਂ 9 ਫੀਸਦੀ ਤੱਕ ਹੋ ਸਕਦੀਆਂ ਹਨ। ਇਹ ਗਾਹਕ ਦੇ ਪਲਾਨ ਅਤੇ ਬੈਂਕ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਬੈਂਕਾਂ ਦੀ ਰਿਕਰਿੰਗ ਡਿਪਾਜ਼ਿਟ 'ਚ ਨਿਵੇਸ਼ ਦੀ ਘੱਟੋ-ਘੱਟ ਰਾਸ਼ੀ 100 ਰੁਪਏ ਤੋਂ ਸ਼ੁਰੂ ਹੋ ਕੇ 1.5 ਲੱਖ ਰੁਪਏ ਤੱਕ ਹੋ ਸਕਦੀ ਹੈ। ਖਾਤੇ ਵਿਚ ਪੰਜ ਤੋਂ 10,000 ਹਜ਼ਾਰ ਰੁਪਏ ਮੈਨਟੇਨ ਕਰਨੇ ਹੁੰਦੇ ਹਨ। ਇਸ ਖਾਤੇ 'ਚ ਨਾਮੀਨੇਸ਼ਨ ਦੀ ਸਹੂਲਤ ਵੀ ਮਿਲਦੀ ਹੈ।

ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ

ਨਿਵੇਸ਼ ਲਈ ਜ਼ਿਆਦਾ ਪੈਸਿਆਂ ਦੀ ਬਚਤ ਨਾ ਕਰ ਸਕਣ ਵਾਲਿਆਂ ਲਈ ਪੋਸਟ ਆਫਿਸ ਦੀ ਇਕ ਸਕੀਮ ਕਾਫੀ ਮਦਦਗਾਰ ਹੈ। 5 ਸਾਲ ਵਾਲਾ ਪੋਸਟ ਆਫਿਸ ਦਾ ਰਿਕਰਿੰਗ ਡਿਪਾਜ਼ਿਟ ਖਾਤਾ ਤੁਹਾਨੂੰ ਇਹ ਸਹੂਲਤ ਦਿੰਦਾ ਹੈ। ਇਸ ਖਾਤੇ ਨੂੰ ਤੁਸੀਂ ਆਪਣੇ ਨਜ਼ਦੀਕੀ ਪੋਸਟ ਆਫਿਸ 'ਚ ਜਾ ਕੇ ਖੁੱਲ੍ਹਵਾ ਸਕਦੇ ਹੋ। ਇਸ ਖਾਤੇ ਨੂੰ ਸਿਰਫ 100 ਰੁਪਏ ਵਿਚ ਵੀ ਖੋਲ੍ਹਿਆ ਜਾ ਸਕਦਾ ਹੈ।
ਇਸ ਖਾਤੇ 'ਤੇ ਮਿਲਣ ਵਾਲਾ ਵਿਆਜ 6.9 ਫੀਸਦੀ ਹੁੰਦਾ ਹੈ। ਇਸ ਖਾਤੇ 'ਚ ਨਾਮੀਨੇਸ਼ਨ ਦੀ ਸਹੂਲਤ ਵੀ ਮਿਲਦੀ ਹੈ। ਤੁਸੀਂ ਕਿਸੇ ਵੀ ਡਾਕਖਾਨੇ 'ਚ ਜਿੰਨੇ ਮਰਜ਼ੀ ਖਾਤੇ ਖੋਲ੍ਹ ਸਕਦੇ ਹੋ। ਇਸ ਖਾਤੇ ਨੂੰ ਦੋ ਬਾਲਗ ਸਾਂਝੇ ਤੌਰ 'ਤੇ ਵੀ ਖੋਲ੍ਹ ਸਕਦੇ ਹਨ। ਤੁਸੀਂ ਆਪਣੀ ਸਹੂਲਤ ਅਨੁਸਾਰ ਹਰ ਮਹੀਨੇ ਕੁਝ ਨਾ ਕੁਝ ਨਿਵੇਸ਼ ਕਰ ਸਕਦੇ ਹੋ।


Related News