ਲਾਈਵ ਬੁਲੇਟਿਨ ‘ਚ ਐਂਕਰ ਨੇ ਬਿਆਨ ਕੀਤਾ ਤਨਖ਼ਾਹ ਨਾ ਮਿਲਣ ਦਾ ਦਰਦ, ਚੈਨਲ ਨੇ ਦੱਸਿਆ ਸ਼ਰਾਬੀ (ਵੀਡੀਓ)
Saturday, Jun 26, 2021 - 06:31 PM (IST)
ਜ਼ੈਂਬੀਆ - ਇਸ ਦੁਨੀਆ ਵਿਚ ਹਰ ਕੋਈ ਪੈਸੇ ਕਮਾਉਣ ਲਈ ਕੰਮ ਕਰਦਾ ਹੈ ਪਰ ਹਾਲ ਹੀ ਵਿਚ ਪੂਰਬੀ ਅਫਰੀਕਾ ਦੇ ਜ਼ੈਂਬੀਆ ਵਿਚ ਇਕ ਟੀਵੀ ਚੈਨਲ ਦੇ ਐਂਕਰ ਨੇ ਤਨਖ਼ਾਹ ਨਾ ਮਿਲਣ ਕਾਰਨ ਚੱਲਦੇ ਨਿਊਜ਼ ਬੁਲੇਟਿਨ ਦੌਰਾਨ ਪੈਸੇ ਮੰਗ ਲਏ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਵੀਡੀਓ ਜ਼ੈਂਬੀਆ ਦੇ ਚੈਨਲ ਕੇ.ਬੀ.ਐਨ. ਟੀਵੀ (KBN TV) ਦੇ ਐਂਕਰ ਕਬੀਡਾ ਕਾਲੀਮੀਨਾ ਦੀ ਹੈ। ਕਾਲੀਮੀਨਾ ਨੇ ਨਿਊਜ਼ ਬੁਲੇਟਿਨ ਨੂੰ ਵਿਚਾਲੇ ਰੋਕ ਕੇ ਚੈਨਲ ਦੇ ਪ੍ਰਬੰਧਨ ‘ਤੇ ਤਨਖ਼ਾਹ ਨਾ ਦੇਣ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਚੱਲਦੇ ਨਿਊਜ਼ ਬੁਲੇਟਿਨ ਵਿਚ ਕਿਹਾ ਕਿ ਖ਼ਬਰਾਂ ਤੋਂ ਪਰਾਂ ਲੇਡੀਜ਼ ਐਂਡ ਜੈਂਟਲਮੈਨ, ਅਸੀਂ ਵੀ ਇਨਸਾਨ ਹਾਂ। ਸਾਨੂੰ ਤਨਖ਼ਾਹ ਮਿਲਣੀ ਚਾਹੀਦੀ ਹੈ, ਬਦਕਿਸਮਤੀ ਨਾਲ ਕੇ.ਬੀ.ਐਨ ਨੇ ਸਾਨੂੰ ਤਨਖ਼ਾਹ ਨਹੀਂ ਦਿੱਤੀ। ਸ਼ੇਰੋਨ ਅਤੇ ਮੇਰੇ ਸਮੇਤ ਹੋਰਨਾਂ ਕਰਮਚਾਰੀਆਂ ਨੂੰ ਅਦਾਇਗੀ ਨਹੀਂ ਕੀਤੀ ਗਈ। ਸਾਨੂੰ ਭੁਗਤਾਨ ਕਰਨਾ ਹੋਵੇਗਾ।"
ਇਹ ਵੀ ਪੜ੍ਹੋ: ਕੁੱਝ ਦੇਸ਼ ਅੱਤਵਾਦ ਨੂੰ ਸਮਰਥਨ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਸਾਫ਼ ਤੌਰ ’ਤੇ ਦੋਸ਼ੀ ਹਨ: ਭਾਰਤ
ਇਸ ਘਟਨਾ ਤੋਂ ਤੁਰੰਤ ਬਾਅਦ ਕਲੀਮੀਨਾ ਨੇ ਆਪਣੀ ਫੇਸਬੁੱਕ 'ਤੇ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, "ਹਾਂ ਮੈਂ ਲਾਈਵ ਟੀਵੀ 'ਤੇ ਅਜਿਹਾ ਕੀਤਾ, ਇਸ ਲਈ ਕਿ ਬਹੁਤੇ ਪੱਤਰਕਾਰ ਬੋਲਣ ਤੋਂ ਡਰਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਪੱਤਰਕਾਰਾਂ ਨੂੰ ਬੋਲਣਾ ਨਹੀਂ ਚਾਹੀਦਾ।" ਇਸ ਘਟਨਾ ਮਗਰੋਂ ਬਹੁਤ ਸਾਰੇ ਲੋਕਾਂ ਨੇ ਕੇ.ਬੀ.ਐਨ ਟੀਵੀ ਦੇ ਕਰਮਚਾਰੀਆਂ ਦੇ ਹੱਕ ਵਿਚ ਆਪਣੀ ਆਵਾਜ਼ ਵੀ ਬੁਲੰਦ ਕੀਤੀ ਅਤੇ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਕੀਤੀ ਜਾਵੇ।
ਇਹ ਵੀ ਪੜ੍ਹੋ: ਵਾਇਰਸ ਦਾ ‘ਡੈਲਟਾ’ ਵੈਰੀਐਂਟ 85 ਦੇਸ਼ਾਂ ’ਚ ਮਚਾ ਰਿਹੈ ਤਬਾਹੀ, WHO ਨੇ ਜਾਰੀ ਕੀਤੀ ਚਿਤਾਵਨੀ
ਹਾਲਾਂਕਿ ਕੇ.ਬੀ.ਐਨ ਟੀਵੀ ਨੇ ਐਂਕਰ 'ਤੇ ਸ਼ਰਾਬੀ ਹੋਣ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਵਿਵਹਾਰ ਨੂੰ ਗਲਤ ਦੱਸਿਆ। ਕੇ.ਬੀ.ਐਨ. ਟੀਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਨੇਡੀ ਮੈਮਬਵੇ ਨੇ ਫੇਸਬੁੱਕ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ, 'ਕੇ.ਬੀ.ਐਨ. ਟੀਵੀ ਹੋਣ ਦੇ ਨਾਤੇ, ਅਸੀਂ ਇਕ ਵੀਡੀਓ ਕਲਿੱਪ ਦੇ ਜ਼ਰੀਏ ਪ੍ਰਦਰਸ਼ਿਤ ਸ਼ਰਾਬੀ ਐਂਕਰ ਦੇ ਵਿਵਹਾਰ ਤੋਂ ਹੈਰਾਨ ਹਾਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸਾਡੇ ਇਕ ਪਾਰਟ-ਟਾਈਮ ਐਂਕਰ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਪੂਰੀ ਤਰ੍ਹਾਂ ਗਲਤ ਹੈ।' ਉਨ੍ਹਾਂ ਕਿਹਾ ਕਿਸੇ ਵੀ ਹੋਰ ਸੰਸਥਾ ਦੀ ਤਰ੍ਹਾਂ ਕੇ.ਬੀ.ਐਨ. ਟੀ ਵੀ ਦੇ ਸਾਰੇ ਕਰਮਚਾਰੀਆਂ ਨੂੰ ਆਪਣੀਆਂ ਸ਼ਿਕਾਇਤਾਂ ਅੱਗੇ ਰੱਖਣ ਦਾ ਬਹੁਤ ਵਧੀਆ ਪ੍ਰਬੰਧ ਹੈ। ਚੈਨਲ ਨੇ ਕਬੀਡਾ ਕਾਲੀਮੀਨਾ ਦੇ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।