ਕੋਰੋਨਾਵਾਇਰਸ ਨੂੰ ਮਾਤ ਦਿੰਦੀ ਟੈਨਿਸ ਖੇਡਦੇ ਨੌਜਵਾਨਾਂ ਦੀ ਇਹ ਵੀਡੀਓ

Wednesday, Mar 18, 2020 - 07:46 PM (IST)

ਕੋਰੋਨਾਵਾਇਰਸ ਨੂੰ ਮਾਤ ਦਿੰਦੀ ਟੈਨਿਸ ਖੇਡਦੇ ਨੌਜਵਾਨਾਂ ਦੀ ਇਹ ਵੀਡੀਓ

ਰੋਮ- ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਕਹਿਰ ਹੁਣ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਹਿਰ ਵਰ੍ਹਾ ਰਿਹਾ ਹੈ। ਚੀਨ ਤੋਂ ਬਾਅਦ ਇਟਲੀ ਤੇ ਈਰਾਨ ਅਜਿਹੇ ਦੋ ਦੇਸ਼ ਹਨ, ਜਿਥੇ ਸਭ ਤੋਂ ਵਧੇਰੇ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਵੁਹਾਨ ਤੇ ਹੁਬੇਈ ਸੂਬੇ ਵਿਚ ਇਸ ਦੇ ਸਭ ਤੋਂ ਵਧੇਰੇ ਮਰੀਜ਼ ਮਿਲੇ ਹਨ ਪਰ ਅਜਿਹੇ ਹਾਲਾਤ ਇਟਲੀ ਤੇ ਈਰਾਨ ਵਿਚ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ਮੁਸ਼ਕਿਲ ਹਾਲਾਤ ਵਿਚ ਵੀ ਲੋਕ ਤਰ੍ਹਾਂ-ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ, ਜਿਹਨਾਂ ਤੋਂ ਉਹਨਾਂ ਦੇ ਹੌਂਸਲੇ ਬਾਰੇ ਪਤਾ ਲੱਗਦਾ ਹੈ।

ਇਟਲੀ ਵਿਚ ਬੰਦ ਦੇ ਬਾਵਜੂਦ ਆਈਸੋਲੇਸ਼ਨ ਦੇ ਵਿਚਾਲੇ ਇਟਲੀ ਤੋਂ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆ ਰਹੇ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਹਨਾਂ ਵੀਡੀਓਜ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਟਲੀ ਦੇ ਲੋਕ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਕੈਦ ਹਨ ਪਰ ਉਹ ਕਿਸੇ ਵੀ ਮੌਕੇ ਨੂੰ ਗੁਆਉਣਾ ਨਹੀਂ ਚਾਹ ਰਹੇ ਹਨ। ਉਹ ਹਰ ਮੌਕੇ ਦਾ ਮਜ਼ਾ ਲੈ ਰਹੇ ਹਨ। ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਬਿਲਡਿੰਗ ਵਿਚ ਦੋ ਲੜਕੇ ਆਪਣੀਆਂ-ਆਪਣੀਆਂ ਖਿੜਕੀਆਂ ਵਿਚ ਟੈਨਿਸ ਖੇਡਦੇ ਨਜ਼ਰ ਆ ਰਹੇ ਹਨ।

ਏਟੀਪੀ ਟੂਰ ਵਲੋਂ ਇਕ ਵੀਡੀਓ ਟਵੀਟ ਕੀਤੀ ਗਈ ਹੈ, ਜਿਸ ਵਿਚ ਦੋ ਲੜਕੇ ਖਿੜਕੀ ਵਿਚੋਂ ਟੈਨਿਸ ਖੇਡਦੇ ਨਜ਼ਰ ਆ ਰਹੇ ਹਨ। ਦੋਵੇਂ ਲੜਕੇ ਕਿਸੇ ਦਿੱਗਜ ਖਿਡਾਰੀ ਵਾਂਗ ਟੈਨਿਸ ਖੇਡਦੇ ਨਜ਼ਰ ਆ ਰਹੇ ਹਨ। ਕੁਝ ਹੀ ਦੇਰ ਬਾਅਦ ਟੈਨਿਸ ਬਾਲ ਹੇਠਾਂ ਡਿੱਗ ਜਾਂਦੀ ਹੈ ਤੇ ਉਹ ਦੋਵੇਂ ਤੀਜੇ ਸਾਥੀ ਵੱਲ ਦੇਖਣ ਲੱਗ ਜਾਂਦੇ ਹਨ। ਇਹ 24 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਤੇ ਲੋਕ ਇਸ 'ਤੇ ਮਜ਼ੇਦਾਰ ਰਿਐਕਸ਼ਨ ਦੇ ਰਹੇ ਹਨ।


author

Baljit Singh

Content Editor

Related News