ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ ਮਨਾਇਆ 119ਵਾਂ ਜਨਮਦਿਨ
Monday, Jan 03, 2022 - 11:31 AM (IST)
ਟੋਕੀਓ (ਬਿਊਰੋ): ਦੁਨੀਆ ਵਿਚ ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ, ਉੱਥੇ ਦੁਨੀਆ ਦੀ ਸਭ ਤੋਂ ਬਜ਼ੁਰਗ ਮੰਨੀ ਜਾਣ ਵਾਲੀ ਔਰਤ ਨੇ ਆਪਣਾ 119ਵਾਂ ਜਨਮ ਦਿਨ ਮਨਾਇਆ ਹੈ। ਜਾਪਾਨ ਦੇ ਫੁਕੁਓਕਾ ਵਿਚ ਕੇਨ ਤਨਾਕਾ ਨੂੰ ਹਰ ਕੋਈ ਆਪਣੇ ਜੀਵਨ ਦੇ 118 ਸਾਲ ਪੂਰੇ ਕਰਨ 'ਤੇ ਵਧਾਈ ਦੇ ਰਿਹਾ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਜਨਮ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ 11 ਸਾਲ ਪਹਿਲਾਂ 2 ਜਨਵਰੀ 1903 ਨੂੰ ਹੋਇਆ ਸੀ। ਤਨਾਕਾ ਦੇ 120 ਸਾਲ ਦੀ ਉਮਰ ਤੱਕ ਜਿਉਂਦੇ ਰਹਿਣ ਦੀ ਉਮੀਦ ਹੈ। ਉਹ ਵਰਤਮਾਨ ਵਿੱਚ ਫੁਕੂਓਕਾ ਵਿੱਚ ਇੱਕ ਨਰਸਿੰਗ ਹੋਮ ਵਿੱਚ ਰਹਿੰਦੀ ਹੈ। ਬੁਢਾਪੇ ਕਾਰਨ ਉਹ ਹੁਣ ਬੋਲਣ ਤੋਂ ਅਸਮਰੱਥ ਹੈ, ਇਸ ਲਈ ਉਹ ਨਰਸਿੰਗ ਹੋਮ ਦੇ ਸਟਾਫ਼ ਨਾਲ ਇਸ਼ਾਰਿਆਂ ਰਾਹੀਂ ਹੀ ਗੱਲ ਕਰਦੀ ਹੈ।
ਦਿ ਜਾਪਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਤਨਾਕਾ ਨੂੰ ਚਾਕਲੇਟ ਅਤੇ ਫਿਜ਼ੀ ਡਰਿੰਕਸ ਪਸੰਦ ਹਨ। ਉਹ ਸਮਾਂ ਪਾਸ ਕਰਨ ਲਈ ਨੰਬਰ ਗੇਮ ਖੇਡਣਾ ਪਸੰਦ ਕਰਦੀ ਹੈ। ਰੂਸੋ-ਜਾਪਾਨੀ ਯੁੱਧ ਤਨਾਕਾ ਦੇ ਜਨਮ ਤੋਂ ਇੱਕ ਸਾਲ ਬਾਅਦ ਹੀ ਸ਼ੁਰੂ ਹੋਇਆ ਸੀ। ਤਨਾਕਾ ਦਾ ਬਚਪਨ ਜਾਪਾਨ ਦੇ ਮੇਜੀ ਯੁੱਗ ਦੇ ਆਖ਼ਰੀ ਸਾਲਾਂ ਵਿੱਚ ਬੀਤਿਆ, ਜਿਸ ਨੂੰ ਆਧੁਨਿਕੀਕਰਨ ਦਾ ਇੱਕ ਪਰਿਵਰਤਨਸ਼ੀਲ ਦੌਰ ਮੰਨਿਆ ਜਾਂਦਾ ਹੈ। 2019 ਵਿੱਚ, ਜਦੋਂ ਉਹ 116 ਸਾਲ ਦੀ ਸੀ, ਉਸ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਮਾਨਤਾ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਹੋਵੇਗੀ ਨਿਰਣਾਇਕ ਕਾਰਵਾਈ
1922 ਵਿਚ ਹੋਇਆ ਸੀ ਵਿਆਹ
ਸਾਲ 2020 ਵਿਚ ਤਨਾਕਾ 117 ਸਾਲ ਅਤੇ 261 ਦਿਨ ਦੀ ਉਮਰ ਵਿਚ ਜਾਪਾਨ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ। ਗਿਨੀਜ਼ ਵਰਲਡ ਰਿਕਾਰਡ ਦੀ ਵੈੱਬਸਾਈਟ ਮੁਤਾਬਕ ਤਨਾਕਾ ਨੇ 1922 ਵਿੱਚ 19 ਸਾਲ ਦੀ ਉਮਰ ਵਿੱਚ ਆਪਣੇ ਚਚੇਰੇ ਭਰਾ ਨਾਲ ਵਿਆਹ ਕੀਤਾ ਸੀ। ਇਹ ਜੋੜਾ ਨੂਡਲਜ਼ ਦੀ ਦੁਕਾਨ ਚਲਾਉਂਦਾ ਸੀ, ਜਿੱਥੇ ਉਹ ਚੌਲਾਂ ਦੇ ਕੇਕ ਅਤੇ ਉਡੋਨ ਵਰਗੇ ਪਕਵਾਨ ਬਣਾਉਂਦੇ ਸਨ। ਉਸਦੇ ਪਤੀ ਅਤੇ ਵੱਡੇ ਪੁੱਤਰ ਨੇ 1937 ਵਿੱਚ ਸ਼ੁਰੂ ਹੋਈ ਦੂਜੀ ਚੀਨ-ਜਾਪਾਨੀ ਜੰਗ ਵਿੱਚ ਹਿੱਸਾ ਲਿਆ। 90 ਸਾਲ ਦੀ ਉਮਰ ਵਿੱਚ ਤਨਾਕਾ ਦਾ ਮੋਤੀਆਬਿੰਦ ਦਾ ਆਪਰੇਸ਼ਨ ਹੋਇਆ ਸੀ। ਉਸ ਨੇ 103 ਸਾਲ ਦੀ ਉਮਰ ਵਿੱਚ ਕੋਲੋਰੈਕਟਲ ਕੈਂਸਰ ਦੀ ਸਰਜਰੀ ਵੀ ਕਰਵਾਈ ਸੀ।
ਅੱਠ ਪੜਪੋਤਿਆਂ ਦੀ ਦਾਦੀ ਹੈ ਤਨਾਕਾ
ਦਿ ਟਾਈਮਜ਼ ਨੇ ਪਿਛਲੇ ਸਾਲ ਰਿਪੋਰਟ ਵਿਚ ਦੱਸਿਆ ਸੀ ਕਿ 2020 ਤੱਕ ਤਨਾਕਾ ਦੇ ਪੰਜ ਪੋਤੇ-ਪੋਤੀਆਂ ਅਤੇ ਅੱਠ ਪੜਪੋਤੇ-ਪੋਤੀਆਂ ਹਨ। ਉਸ ਦੇ 62 ਸਾਲਾ ਪੋਤੇ ਈਜੀ ਨੇ ਜਾਪਾਨ ਟਾਈਮਜ਼ ਨੂੰ ਦੱਸਿਆ ਕਿ ਮੈਨੂੰ ਉਮੀਦ ਹੈ ਕਿ ਉਹ ਸਿਹਤਮੰਦ ਰਹੇਗੀ ਅਤੇ ਉਮਰ ਦੇ ਨਾਲ-ਨਾਲ ਰੋਜ਼ਾਨਾ ਮੌਜ-ਮਸਤੀ ਕਰਦੀ ਰਹੇਗੀ। ਇਸ ਤੋਂ ਪਹਿਲਾਂ ਕੁਝ ਲੋਕ ਤਨਾਕਾ ਤੋਂ ਵੱਡੇ ਹੋਣ ਦਾ ਦਾਅਵਾ ਕਰਦੇ ਸਨ। ਪਿਛਲੇ ਮਹੀਨੇ ਚੀਨ ਦੇ ਸਭ ਤੋਂ ਬਜ਼ੁਰਗ ਵਿਅਕਤੀ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਵਿਅਕਤੀ ਵੀ ਕਿਹਾ ਜਾਂਦਾ ਹੈ, ਦੀ 135 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਪਿਛਲੀਆਂ ਗਰਮੀਆਂ ਵਿੱਚ ਤੁਰਕੀ ਵਿੱਚ ਇੱਕ ਔਰਤ ਨੇ ਵੀ ਆਪਣਾ 119ਵਾਂ ਜਨਮ ਦਿਨ ਮਨਾਉਣ ਦਾ ਦਾਅਵਾ ਕੀਤਾ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।