ਅੱਖਾਂ ਨੇ ਛੱਡ ''ਤਾ ਸਾਥ ਪਰ ''ਵਰਲਡ ਚੈਂਪੀਅਨਸ਼ਿਪ'' ''ਚ ਖੇਡੇਗਾ ਇਹ ਨੌਜਵਾਨ

05/27/2018 12:44:39 PM

ਅਲਬਰਟਾ— ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਸਰੀਰਕ ਕਮੀਆਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹਨ। ਕੈਨੇਡਾ ਦੇ ਸੂਬੇ ਅਲਬਰਟਾ 'ਚ ਰਹਿੰਦਾ ਨੌਜਵਾਨ ਇਸ ਗੱਲ ਦੀ ਮਿਸਾਲ ਹੈ। 27 ਸਾਲਾ ਕਾਇਫਰ ਜੋਨਜ਼ ਜਦ 16 ਸਾਲ ਦਾ ਸੀ ਤਾਂ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਸੀ ਅਤੇ ਹੁਣ ਉਹ ਵਰਲਡ ਚੈਂਪੀਅਨਸ਼ਿਪ ਜਿੱਤਣ ਦੀ ਤਿਆਰੀ ਕਰ ਰਿਹਾ ਹੈ। ਇਹ ਗੱਲ ਕਿੰਨੀ ਅਜੀਬ ਲੱਗਦੀ ਹੈ ਕਿ ਜਿਸ ਨੂੰ ਦਿਖਾਈ ਨਹੀਂ ਦਿੰਦਾ, ਉਹ ਖੇਡੇਗਾ ਕਿਵੇਂ। ਇਸ ਦਾ ਜਵਾਬ ਖੁਦ ਜੋਨਜ਼ ਨੇ ਦਿੱਤਾ। ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗੋਲਫ ਖੇਡਣ ਦਾ ਸ਼ੌਕੀਨ ਸੀ ਪਰ ਉਸ ਨੂੰ ਇਕ ਅਜਿਹੀ ਬੀਮਾਰੀ ਲੱਗ ਗਈ, ਜਿਸ ਨੇ ਉਸ ਦੀ ਨਜ਼ਰ ਵਾਲੀ ਨਾੜੀ ਨੂੰ ਹੀ ਖਰਾਬ ਕਰ ਦਿੱਤਾ ਅਤੇ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ। ਉਸ ਦੇ ਗੋਲਫ ਖੇਡਣ ਦਾ ਸੁਪਨਾ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਪਰ ਉਸ ਦੇ ਇਕ ਬਹੁਤ ਚੰਗੇ ਦੋਸਤ ਟੈਬੀਨ ਲਾਰਸਨ ਨੇ ਉਸ ਨੂੰ ਮੁੜ ਖੇਡਣ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ ਸੀ ਕਿ ਜੋਨਜ਼ ਦੀ ਬਾਲ ਨੂੰ ਉਹ ਦੇਖੇਗਾ ਅਤੇ ਉਸ ਨੂੰ ਇਸ ਸੰਬੰਧੀ ਬੋਲ ਕੇ ਦੱਸੇਗਾ। 

PunjabKesari
ਉਸ ਦੇ ਦੋਸਤ ਨੇ ਉਸ ਦੀ ਮਦਦ ਕਰਨੀ ਸ਼ੁਰੂ ਕੀਤੀ। ਉਹ ਉਸ ਨੂੰ ਦੱਸਦਾ ਸੀ ਕਿ ਬਾਲ ਕਿੱਥੇ ਹੈ ਅਤੇ ਕਿੱਧਰ ਜਾ ਰਹੀ ਹੈ। ਹੁਣ ਜੋਨਜ਼ ਇੰਨਾ ਕੁ ਹੁਸ਼ਿਆਰ ਹੋ ਗਿਆ ਹੈ ਕਿ ਇਟਲੀ 'ਚ ਹੋਣ ਵਾਲੀ ਵਰਲਡ ਬਲਾਈਂਡ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਕੁਆਲੀਫਾਈ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਉਹ ਇਸ ਚੈਂਪੀਅਨਸ਼ਿਪ ਨੂੰ ਜਿੱਤ ਕੇ ਲੋਕਾਂ ਲਈ ਮਿਸਾਲ ਬਣਨਾ ਚਾਹੁੰਦਾ ਹੈ ਤਾਂ ਕਿ ਸਰੀਰਕ ਰੂਪ ਤੋਂ ਕਮੀ ਹੋਣ 'ਤੇ ਵੀ ਕੋਈ ਵੀ ਖੁਦ ਨੂੰ ਰੋਕੇ ਨਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੇ।


Related News