ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 112 ਸਾਲ ਦੀ ਉਮਰ ’ਚ ਦਿਹਾਂਤ
Wednesday, Jan 19, 2022 - 10:45 AM (IST)
ਮੈਡਰਿਡ (ਭਾਸ਼ਾ) : ‘ਗਿਨੀਜ਼ ਵਰਲਡ ਰਿਕਾਰਡਸ’ ਵੱਲੋਂ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਿਤ ਕੀਤੇ ਗਏ ਸੈਟਰਨਿਨੋ ਡੇ ਲਾ ਫੁਏਂਤੇ ਦਾ ਮੰਗਲਵਾਰ ਨੂੰ 112 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਰਿਕਾਰਡ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ‘ਈ.ਐਫ.ਈ.’ ਨੇ ਦੱਸਿਆ ਕਿ ਸੈਟਰਨਿਨੋ ਡੇ ਲਾ ਫੁਏਂਤੇ ਦਾ ਦਿਹਾਂਤ ਸਪੇਨ ਦੇ ਉਤਰ ਪੱਛਮੀ ਸ਼ਹਿਰ ਲਿਓਨ ਵਿਚ ਉਨ੍ਹਾਂ ਦੇ ਘਰ ਵਿਚ ਹੋਇਆ।
ਏਜੰਸੀ ਨੇ ਦੱਸਿਆ ਕਿ ‘ਗਿਨੀਜ਼ ਵਰਡਲ ਰਿਕਾਰਡ’ ਨੇ ਪਿਛਲੇ ਸਾਲ ਸਤੰਬਰ ਵਿਚ ਡੇ ਲਾ ਫੁਏਂਤੇ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਿਤ ਕੀਤਾ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਫੁਏਂਤੇ ਦਾ ਜਨਮ 11 ਫਰਵਰੀ 1909 ਵਿਚ ਪੁਏਂਤੇ ਕਾਸਤਰੋ ਵਿਚ ਹੋਇਆ ਸੀ। ‘ਈ.ਐਫ.ਈ.’ ਦੀ ਖ਼ਬਰ ਮੁਤਾਬਕ ਫੁਏਂਤੇ ਇਕ ਮੋਚੀ ਸਨ ਅਤੇ 13 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਜੁੱਤੀਆਂ ਦੀ ਇਕ ਫੈਕਟਰੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫੁਏਂਤੇ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, 8 ਬੱਚੇ, 14 ਪੋਤੇ-ਪਤੀਆਂ ਅਤੇ 22 ਪੜਪੋਤੇ ਹਨ। ਏਜੰਸੀ ਮੁਤਾਬਕ ਬੁੱਧਵਾਰ ਯਾਨੀ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ।