ਦੁਨੀਆ ਭਰ ਦੀਆਂ ਜੇਲ੍ਹਾਂ ''ਚ ਬੰਦ ਹਨ 8000 ਭਾਰਤੀ, ਸਾਊਦੀ ਅਰਬ ''ਚ ਸਭ ਤੋਂ ਵੱਧ

Thursday, Mar 25, 2021 - 05:58 PM (IST)

ਦੁਨੀਆ ਭਰ ਦੀਆਂ ਜੇਲ੍ਹਾਂ ''ਚ ਬੰਦ ਹਨ 8000 ਭਾਰਤੀ, ਸਾਊਦੀ ਅਰਬ ''ਚ ਸਭ ਤੋਂ ਵੱਧ

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਸਰਕਾਰ ਨੇ ਹਾਲ ਹੀ ਵਿਚ ਭਾਰਤੀ ਕੈਦੀਆਂ ਦੇ ਸੰਬੰਧ ਵਿਚ ਇਕ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਦੀਆਂ ਜੇਲ੍ਹਾਂ ਵਿਚ 8000 ਭਾਰਤੀ ਬੰਦ ਹਨ। ਸਰਕਾਰੀ ਅੰਕੜਿਆਂ ਮੁਤਾਬਕ 82 ਦੇਸ਼ਾਂ ਵਿਚ ਭਾਰਤ ਦੇ 8000 ਲੋਕ ਕੈਦ ਹਨ। ਇਹਨਾਂ ਵਿਚ ਸਜ਼ਾ ਕਟਣ ਵਾਲੇ ਲੋਕਾਂ ਦੇ ਇਲਾਵਾ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ। ਸਭ ਤੋਂ ਵੱਧ ਭਾਰਤੀ ਗਲਫ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਬੰਦ ਹਨ।

ਇੱਥੇ ਦੱਸ ਦਈਏ ਕਿ ਗਲਫ ਦੇਸ਼ਾਂ ਵਿਚ ਪਿਛਲੇ ਕਈ ਸਾਲਾਂ ਤੋਂ ਭਾਰਤੀ ਲੋਕ ਬਿਹਤਰ ਰੁਜ਼ਗਾਰ ਦੇ ਮੌਕਿਆਂ ਲਈ ਜਾਂਦੇ ਰਹੇ ਹਨ। ਭਾਰਤ ਸਰਕਾਰ ਮੁਤਾਬਕ, ਈਰਾਨ ਅਤੇ 6 ਗਲਫ ਦੇਸ਼ਾਂ ਵਿਚ ਭਾਰਤ ਦੇ 4058 ਲੋਕ ਸਜ਼ਾ ਕੱਟ ਰਹੇ ਹਨ। ਇਹਨਾਂ ਵਿਚੋਂ ਸਭ ਤੋਂ ਵੱਧ ਅਰਬ ਵਿਚ ਹਨ। ਇਸ ਦੇਸ਼ ਵਿਚ 1570 ਭਾਰਤੀ ਜੇਲ੍ਹ ਵਿਚ ਬੰਦ ਹਨ। ਗੌਰਤਲਬ ਹੈ ਕਿ ਇਸਲਾਮਿਕ ਰਾਜਸ਼ਾਹੀ ਵਾਲੇ ਸਾਊਦੀ ਅਰਬ ਵਿਚ ਬਹੁਤ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸਾਊਦੀ ਅਰਬ ਦੇ ਬਾਅਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਨੰਬਰ ਹੈ। ਯੂ.ਏ.ਈ. ਵਿਚ 1292 ਭਾਰਤੀ ਕੈਦ ਹਨ। ਉੱਥੇ ਕੁਵੈਤ ਦੀ ਜੇਲ੍ਹ ਵਿਚ 460, ਕਤਰ ਵਿਚ 439, ਬਹਿਰੀਨ ਵਿਚ 178, ਈਰਾਨ ਵਿਚ 70 ਅਤੇ ਓਮਾਨ ਵਿਚ 49 ਭਾਰਤੀਆਂ ਨੂੰ  ਕੈਦ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਸਵੇਜ਼ ਨਹਿਰ 'ਚ ਫਸਿਆ ਵਿਸ਼ਾਲ ਕੰਟੇਨਰ ਜਹਾਜ਼, ਵਿਸ਼ਵ ਕਾਰੋਬਾਰ ਪ੍ਰਭਾਵਿਤ (ਵੀਡੀਓ)

ਭਾਰਤੀ ਵਿਦੇਸ਼ ਮੰਤਰਾਲੇ ਨੇ ਸੰਸਦ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਨੀਆ ਦੇ 144 ਦੇਸ਼ਾਂ ਵਿਚੋਂ 11 ਦੇਸ਼ ਅਜਿਹੇ ਹਨ ਜਿੱਥੇ 100 ਤੋਂ ਵੱਧ ਭਾਰਤੀ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਉੱਥੇ ਭਾਰਤ ਦੇ ਗੁਆਂਢੀ ਦੇਸ਼ਾਂ ਦੀ ਗੱਲ ਕਰੀਏ ਤਾਂ ਦੇਸ਼ ਦੇ 7 ਗੁਆਂਢੀ ਦੇਸ਼ਾਂ ਵਿਚ 1913 ਭਾਰਤੀ ਬੰਦ ਹਨ। ਇਹਨਾਂ ਵਿਚ ਸਭ ਤੋਂ ਵੱਧ ਭਾਰਤੀ ਨੇਪਾਲ ਵਿਚ ਕੈਦ ਹਨ। ਇਸ ਦੇਸ਼ ਵਿਚ ਭਾਰਤ ਦੇ 886 ਲੋਕ ਜੇਲ੍ਹ ਵਿਚ ਬੰਦ ਹਨ। ਇਸ ਮਗਰੋਂ ਪਾਕਿਸਤਾਨ ਵਿਚ 524, ਚੀਨ ਵਿਚ 157, ਬੰਗਲਾਦੇਸ਼ ਵਿਚ 123, ਭੂਟਾਨ ਵਿਚ 91, ਸ਼੍ਰੀਲੰਕਾ ਵਿਚ 67 ਅਤੇ ਮਿਆਂਮਾਰ ਵਿਚ 65 ਭਾਰਤੀ ਬੰਦ ਹਨ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅਫਗਾਨਿਸਤਾਨ ਵਿਚ ਇਕ ਵੀ ਭਾਰਤੀ ਕੈਦੀ ਨਹੀਂ ਹੈ। 

ਇਸ ਦੇ ਇਲਾਵਾ ਸਿੰਗਾਪੁਰ ਅਤੇ ਮਲੇਸ਼ੀਆ ਜਿਹੇ ਦੇਸ਼ਾਂ ਵਿਚ ਵੀ 480 ਭਾਰਤੀ ਕੈਦ ਹਨ। ਮਲੇਸ਼ੀਆ ਵਿਚ ਜਿੱਥੇ 409 ਉੱਥੇ ਸਿੰਗਾਪੁਰ ਵਿਚ ਸਿਰਫ 71 ਭਾਰਤੀ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਇਸ ਦੇ ਇਲਾਵਾ ਫਿਲੀਪੀਨਸ ਵਿਚ 41, ਥਾਈਲੈਂਡ ਵਿਚ 23, ਇੰਡੋਨੇਸ਼ੀਆ ਵਿਚ 20 ਅਤੇ ਆਸਟ੍ਰੇਲੀਆ ਵਿਚ 62 ਭਾਰਤੀ ਜੇਲ੍ਹ ਵਿਚ ਬੰਦ ਹਨ। ਕੈਨੇਡਾ ਅਤੇ ਸਾਈਪ੍ਰਸ ਵਿਚ 23, ਫਰਾਂਸ ਵਿਚ 35, ਗ੍ਰੀਸ ਵਿਚ 22, ਮਾਲਦੀਵ ਵਿਚ 24 ਅਤੇ ਸਪੇਨ ਵਿਚ 49 ਭਾਰਤੀ ਜੇਲ੍ਹਾਂ ਵਿਚ ਬੰਦ ਹਨ। ਮੰਤਰਾਲੇ ਨੇ ਲੋਕ ਸਭਾ ਵਿਚ ਕਿਹਾ ਕਿ 81 ਕੈਦੀ, ਜਿਹਨਾਂ ਵਿਚ 73 ਭਾਰਤੀ ਕੈਦੀ ਹਨ ਉਹਨਾਂ ਨੂੰ ਸਾਲ 2003 ਵਿਚ ਆਏ ਕੈਦੀ ਐਕਟ ਦੀ ਹਵਾਲਗੀ ਦੇ ਤਹਿਤ ਆਪਣੇ ਦੇਸ਼ ਟਰਾਂਸਫਰ ਕੀਤੇ ਜਾਣ ਦਾ ਮੌਕਾ ਵੀ ਮਿਲਿਆ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਹਵਾਲਗੀ ਦੇ ਮੁੱਦੇ 'ਤੇ ਦੂਜੇ ਦੇਸ਼ਾਂ ਨਾਲ ਤਾਲਮੇਲ ਬਣਾ ਕੇ ਗੱਲ ਹੁੰਦੀ ਹੈ ਅਤੇ ਇਸ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੇ ਬਾਅਦ ਦੂਜੇ ਦੇਸ਼ਾਂ ਵਿਚ ਫਸੇ ਕੈਦੀਆਂ ਨੂੰ ਵਾਪਸ ਦੇਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਨੋਟ- ਦੁਨੀਆ ਭਰ ਦੀਆਂ ਜੇਲ੍ਹਾਂ 'ਚ ਬੰਦ ਹਨ 8000 ਭਾਰਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News