ਸਾਊਦੀ ਅਰਬ 'ਚ ਔਰਤਾਂ ਚਲਾਉਣਗੀਆਂ ਰੇਲਗੱਡੀ, ਮੱਕਾ-ਮਦੀਨਾ ਤੱਕ ਲਿਜਾਣਗੀਆਂ ਯਾਤਰੀ
Friday, Feb 18, 2022 - 02:09 PM (IST)
ਰਿਆਦ (ਬਿਊਰੋ): ਸਾਊਦੀ ਅਰਬ ਗਲੋਬਲ ਪੱਧਰ 'ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਔਰਤਾਂ ਰੇਲਗੱਡੀਆਂ ਚਲਾਉਣਗੀਆਂ। ਇਕ ਰੇਲ ਕੰਪਨੀ ਨੇ ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਹੈ। ਹੈਰਾਨੀ ਦੀ ਗੱਲ ਹੈ ਕਿ 30 ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਕੰਪਨੀ ਨੂੰ 28 ਹਜ਼ਾਰ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ।
ਰੇਲ ਕੰਪਨੀ ਦਾ ਕਹਿਣਾ ਹੈ ਕਿ ਸਫਲ ਮਹਿਲਾ ਉਮੀਦਵਾਰ ਇਕ ਸਾਲ ਦੀ ਸਿਖਲਾਈ ਦੇ ਬਾਅਦ ਪਵਿੱਤਰ ਸ਼ਹਿਰਾਂ ਮੱਕਾ ਅਤੇ ਮਦੀਨਾ ਵਿਚਕਾਰ ਹਾਈ ਸਪੀਡ ਰੇਲਗੱਡੀਆਂ ਚਲਾਉਣਗੀਆਂ। ਕਿਸੇ ਰੂੜ੍ਹੀਵਾਦੀ ਮੁਸਲਿਮ ਦੇਸ਼ ਵਿਚ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਲਈ ਟ੍ਰੇਨ ਡਰਾਈਵਰ ਦਾ ਇਸ਼ਤਿਹਾਰ ਕੱਢਿਆ ਗਿਆ ਹੈ। ਦਹਾਕਿਆਂ ਤੋਂ ਸਾਊਦੀ ਅਰਬ ਵਿਚ ਦੁਨੀਆ ਦੀਆਂ ਸਭ ਤੋਂ ਘੱਟ ਔਰਤਾਂ ਆਪਣੇ ਘਰਾਂ ਵਿਚੋਂ ਨਿਕਲ ਕੇ ਕਾਰਜਬਲ ਦਾ ਹਿੱਸਾ ਬਣ ਰਰੀਆਂ ਸਨ ਪਰ ਹਾਲ ਦੇ ਸਾਲਾਂ ਵਿਚ ਸਥਿਤੀ ਵਿਚ ਸੁਧਾਰ ਹੋਇਆ ਹੈ।
ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਊਦੀ ਦੀ ਤੇਲ 'ਤੇ ਨਿਰਭਰਤਾ ਘੱਟ ਕਰਨਾ ਚਾਹੁੰਦੇ ਹਨ। ਉਹ ਵਿਦੇਸ਼ੀ ਨਿਵੇਸ਼ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਉਹਨਾਂ ਨੇ ਦੇਸ਼ ਦੇ ਕਈ ਕਾਨੂੰਨਾਂ ਵਿਚ ਤਬਦੀਲੀ ਕੀਤੀ ਹੈ। ਸਾਊਦੀ ਸਾਰੇ ਖਾੜੀ ਦੇਸ਼ਾਂ ਤੋਂ ਮੁਕਾਬਲੇ ਵਿਚ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ। ਇਸ ਲਈ ਉਹ ਆਪਣੀ ਮਹਿਲਾ ਕਾਰਜਬਲ ਦੀ ਵੀ ਵਰਤੋਂ ਕਰ ਰਿਹਾ ਹੈ। ਸਾਊਦੀ ਵਿਚ ਪਿਛਲੇ ਕੁਝ ਸਾਲਾਂ ਵਿਚ ਘਰਾਂ ਤੋਂ ਬਾਹਰ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- UAE 'ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ
ਪਹਿਲਾਂ ਔਰਤਾਂ ਨੂੰ ਨਹੀਂ ਸੀ ਡਰਾਈਵਿੰਗ ਦੀ ਇਜਾਜ਼ਤ
ਔਰਤਾਂ ਨੂੰ ਪਹਿਲਾਂ ਸਾਊਦੀ ਅਰਬ ਵਿਚ ਡਰਾਈਵਿੰਗ ਦੀ ਇਜਾਜ਼ਤ ਨਹੀਂ ਸੀ ਪਰ ਸਰਕਾਰ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ ਹੈ। ਸਾਊਦੀ ਵਿਚ ਹੁਣ ਤੱਕ 25 ਲੱਖ ਔਰਤਾਂ ਨੂੰ ਕਾਰ ਡਰਾਈਵਿੰਗ ਦਾ ਲਾਈਸੈਂਸ ਮਿਲ ਚੁੱਕਾ ਹੈ। ਸਾਊਦੀ ਅਰਬ ਦੀ ਕੁੱਲ ਆਬਾਦੀ 3 ਕਰੋੜ ਹੈ। ਸਾਊਦੀ ਅਰਬ ਵਿਚ ਔਰਤਾਂ ਨੂੰ ਡਰਾਈਵਿੰਗ ਲਾਈਸੈਂਸ ਦੇਣ ਦੀ ਮਨਜ਼ੂਰੀ ਦੇਣ ਨਾਲ ਉੱਥੋਂ ਦੀ ਆਟੋਮੋਬਾਇਲ ਇੰਡਸਟਰੀ ਨੂੰ ਵੀ ਫਾਇਦਾ ਪਹੁੰਚਿਆ ਹੈ। ਮੰਨਿਆ ਜਾ ਰਿਹਾ ਹੈ ਕਿ 2015 ਤੱਕ ਸਾਊਦੀ ਅਰਬ ਵਿਚ ਕਾਰਾਂ ਦੀ ਵਿਕਰੀ 9 ਫੀਸਦੀ ਦੀ ਦਰ ਨਾਲ ਵਧੇਗੀ।ਔਰਤਾਂ ਹੁਣ ਬਿਨਾਂ ਕਿਸੇ ਪੁਰਸ਼ ਰਿਸ਼ਤੇਦਾਰ ਦੇ ਯਾਤਰਾ ਵੀ ਕਰ ਸਕਦੀਆਂ ਹਨ।
ਇਸ ਤਰ੍ਹਾਂ ਦੀਆਂ ਤਬਦੀਲੀਆਂ ਦਾ ਨਤੀਜਾ ਇਹ ਹੋਇਆ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਕਾਰਜਬਲ ਵਿਚ ਔਰਤਾਂ ਦੀ ਹਿੱਸੇਦਾਰੀ ਲਗਭਗ ਦੁੱਗਣੀ ਹੋ ਕੇ 33 ਫੀਸਦੀ ਹੋ ਗਈ ਹੈ। ਪਿਛਲੇ ਸਾਲ ਦੀ ਪਹਿਲੀ ਛਮਾਹੀ ਵਿਚ ਪੁਰਸ਼ਾਂ ਤੋਂ ਵੱਧ ਔਰਤਾਂ ਨੇ ਨੌਕਰੀਆਂ ਹਾਸਲ ਕੀਤੀਆਂ ਹਨ। ਹਾਲਾਂਕਿ ਅਮਰੀਕਾ ਸਥਿਤ ਥਿੰਕ ਟੈਂਕ ਬੁਕਿੰਗਸ ਇੰਸਟੀਚਿਊਟ ਦੁਆਰਾ ਪਿਛਲੇ ਸਾਲ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਜਨਤਕ ਖੇਤਰ ਦੀਆਂ ਨੌਕਰੀਆਂ ਵਿਚ ਹਾਲੇ ਵੀ ਪੁਰਸ਼ਾਂ ਕੋਲ ਵੱਡੀ ਗਿਣਤੀ ਵਿਚ ਨੌਕਰੀਆਂ ਹਨ। ਜਨਤਕ ਖੇਤਰ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਹੀ ਰੇਲ ਕੰਪਨੀ ਨੇ ਮਹਿਲਾ ਟ੍ਰੇਨ ਡਰਾਈਵਰਾਂ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਕੰਮ ਸਾਊਦੀ ਵਿਚ ਸਪੇਨ ਦੀ ਰੇਲ ਕੰਪਨੀ ਰੇਨਫੇ ਕਰ ਰਹੀਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।