ਵ੍ਹਰਦੀਆਂ ਗੋਲੀਆਂ 'ਚ ਗਰਭਵਤੀ ਔਰਤ ਲਈ ਫਰਿਸ਼ਤਾ ਬਣੀ ਔਰਤ, ਮਿਲ ਕੇ ਕੀਤਾ ਧੰਨਵਾਦ
Wednesday, Mar 28, 2018 - 03:25 PM (IST)

ਲਾਸ ਵੇਗਾਸ— ਅਮਰੀਕਾ ਦੇ ਸ਼ਹਿਰ ਲਾਸ ਵੇਗਾਸ 'ਚ ਅਕਤੂਬਰ 2017 ਨੂੰ ਇਕ ਸੰਗੀਤਕ ਸਮਾਗਮ ਦੌਰਾਨ ਗੋਲੀਬਾਰੀ ਹੋਈ ਸੀ। ਉਸ ਘਟਨਾ 'ਚ 58 ਲੋਕ ਮਾਰੇ ਗਏ ਸਨ। ਦਰਸ਼ਕਾਂ 'ਚ ਮਿਰਿਆਮ ਲੁਜ਼ਾਨਾ ਨਾਂ ਦੀ ਇਕ ਔਰਤ ਵੀ ਸੀ ਜੋ ਉਸ ਸਮੇਂ ਗਰਭਵਤੀ ਸੀ। ਗੋਲੀਬਾਰੀ ਦੌਰਾਨ ਲੁਜ਼ਾਨਾ ਨੂੰ ਆਪਣੇ ਤੋਂ ਜ਼ਿਆਦਾ ਆਪਣੇ ਹੋਣ ਵਾਲੇ ਬੱਚੇ ਦੀ ਚਿੰਤਾ ਸੀ। ਉਸ ਦੇ ਕੋਲ ਹੀ 52 ਸਾਲਾ ਸੂ ਐੱਨ ਕਾਰਨਵੇਲ ਨਾਂ ਦੀ ਔਰਤ ਖੜ੍ਹੀ ਸੀ। ਉਸ ਨੇ ਆਪਣੀ ਪਿੱਠ 'ਤੇ ਟੰਗਿਆ ਬੈਗ ਉਸੇ ਸਮੇਂ ਉਤਾਰ ਕੇ ਲੁਜ਼ਾਨ ਨੂੰ ਦੇ ਦਿੱਤਾ ਤਾਂ ਕਿ ਉਹ ਉਸ ਨੂੰ ਆਪਣੇ ਪੇਟ ਅੱਗੇ ਲਗਾ ਕੇ ਆਪਣੀ ਅਤੇ ਆਪਣੇ ਬੱਚੇ ਦੀ ਜਾਨ ਬਚਾ ਸਕੇ। ਇਸ ਘਟਨਾ ਦੌਰਾਨ ਦੋਵੇਂ ਔਰਤਾਂ ਕਿਸੇ ਤਰੀਕੇ ਸੁਰੱਖਿਅਤ ਆਪਣੇ ਘਰ ਪੁੱਜੀਆਂ। ਲੁਜ਼ਾਨ ਨੇ ਕਿਹਾ ਕਿ ਉਹ ਦੋਵੇਂ ਉੱਥੇ ਪਹਿਲੀ ਵਾਰ ਮਿਲੀਆਂ ਸਨ ਅਤੇ ਸੂ ਐੱਨ ਨੇ ਉਸ ਲਈ ਜੋ ਕੀਤਾ, ਉਸ ਨੂੰ ਭੁੱਲਿਆ ਨਹੀਂ ਜਾ ਸਕਦਾ।
ਕੁੱਝ ਹੀ ਦੇਰ ਪਹਿਲਾਂ ਸੂ ਐੱਨ ਅਤੇ ਲੁਜ਼ਾਨ ਇੰਟਰਨੈੱਟ 'ਤੇ ਸੋਸ਼ਲ ਮੀਡੀਆ ਗਰੁੱਪ ਰਾਹੀਂ ਮਿਲੀਆਂ। ਇਹ ਗਰੁੱਪ ਉਸ ਹਮਲੇ 'ਚ ਜਿਊਂਦੇ ਬਚੇ ਲੋਕਾਂ ਦੀਆਂ ਸੂਚਨਾਵਾਂ ਦੇ ਆਦਾਨ-ਪ੍ਰਦਾਨ ਲਈ ਬਣਾਇਆ ਗਿਆ ਸੀ। ਉਸ 'ਚ ਲੁਜ਼ਾਨ ਨੇ ਸੂ ਐੱਨ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਤੁਸੀਂ ਮੇਰੇ ਬੱਚੇ ਲਈ ਫਰਿਸ਼ਤੇ ਦੀ ਤਰ੍ਹਾਂ ਸੀ। ਤੁਹਾਡੇ ਕਾਰਨ ਹੀ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੀ ਹੈ। ਹੁਣ ਉਸ ਦਾ ਬੱਚਾ 4 ਮਹੀਨਿਆਂ ਦਾ ਹੋ ਗਿਆ ਹੈ।
ਲੁਜ਼ਾਨਾ ਨੇ ਦੱਸਿਆ ਕਿ ਉਸ ਸਮੇਂ ਉਹ 7 ਮਹੀਨਿਆਂ ਦੀ ਗਰਭ ਅਵਸਥਾ 'ਚ ਸੀ ਅਤੇ ਜੇਕਰ ਸੂ ਐੱਨ ਉਸ ਦੀ ਮਦਦ ਨਾ ਕਰਦੀ ਤਾਂ ਸ਼ਾਇਦ ਉਹ ਜਿਊਂਦੀ ਹੀ ਨਾ ਹੁੰਦੀ ਅਤੇ ਉਸ ਦਾ ਬੱਚਾ ਵੀ ਇਸ ਦੁਨੀਆ 'ਚ ਨਾ ਹੁੰਦਾ। ਇਨ੍ਹਾਂ ਦੋਹਾਂ ਔਰਤਾਂ ਨੇ ਇਕੱਠਿਆਂ ਕੁੱਝ ਸਮਾਂ ਬਤੀਤ ਕੀਤਾ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ।