ਅਰਕੰਸਾਸ ਦੇ ਪਾਰਕ ’ਚ ਔਰਤ ਨੂੰ ਮਿਲਿਆ 4 ਕੈਰੇਟ ਦਾ ਹੀਰਾ

Monday, Oct 04, 2021 - 09:16 PM (IST)

ਅਰਕੰਸਾਸ ਦੇ ਪਾਰਕ ’ਚ ਔਰਤ ਨੂੰ ਮਿਲਿਆ 4 ਕੈਰੇਟ ਦਾ ਹੀਰਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਅਰਕੰਸਾਸ ਦੇ ਇਕ ਪਾਰਕ ’ਚ ਇਕ ਔਰਤ ਨੂੰ 4.38 ਕੈਰੇਟ ਦਾ ਇਕ ਪੀਲਾ ਹੀਰਾ ਮਿਲਿਆ ਹੈ। ਕੈਲੀਫੋਰਨੀਆ ਸਟੇਟ ਨਾਲ ਸਬੰਧਿਤ ਨੋਰੀਨ ਰੈੱਡਬਰਗ ਨਾਂ ਦੀ ਇਸ ਔਰਤ ਨੂੰ ਇਹ ਹੀਰਾ ਅਰਕੰਸਾਸ ਦੇ ‘ਕ੍ਰੇਟਰ ਆਫ ਡਾਇਮੰਡਸ ਸਟੇਟ ਪਾਰਕ’ ਵਿਚ ਮਿਲਿਆ । ਗ੍ਰੇਨਾਈਟ ਬੇਅ, ਕੈਲੀਫੋਰਨੀਆ ਦੀ ਨੋਰੀਨ ਰੈੱਡਬਰਗ ਆਪਣੇ ਪਤੀ ਮਾਈਕਲ ਨਾਲ 23 ਸਤੰਬਰ ਨੂੰ ਹੌਟ ਸਪਰਿੰਗਜ਼ ਨੈਸ਼ਨਲ ਪਾਰਕ ਦਾ ਦੌਰਾ ਕਰ ਰਹੀ ਸੀ, ਇਸੇ ਦੌਰਾਨ ਉਸ ਨੇ ਕ੍ਰੇਟਰ ਆਫ ਡਾਇਮੰਡਸ ਪਾਰਕ ’ਚ ਰੁਕਣ ਦਾ ਫ਼ੈਸਲਾ ਕੀਤਾ। ਨੋਰੀਨ ਅਨੁਸਾਰ ਉਸ ਨੇ ਹੀਰਿਆਂ ਵਾਲੇ ਇਸ ਪਾਰਕ ਨੂੰ ਪਹਿਲੀ ਵਾਰ ਕਈ ਸਾਲ ਪਹਿਲਾਂ ਇਕ ਟੀ. ਵੀ. ਸ਼ੋਅ ’ਚ ਵੇਖਿਆ ਸੀ।

ਉਹ ਅਤੇ ਉਸ ਦਾ ਪਤੀ ਮੀਂਹ ਪੈਣ ਤੋਂ ਕੁਝ ਦਿਨ ਬਾਅਦ 23 ਸਤੰਬਰ ਨੂੰ ਪਾਰਕ ’ਚ ਗਏ, ਜਿਸ ਨਾਲ ਹੀਰਾ ਮਿਲਣ ਦੇ ਹਾਲਾਤ ਬਣ ਗਏ। ਅਰਕੰਨਸਾਸ ਇਕਲੌਤਾ ਅਜਿਹਾ ਸੂਬਾ ਹੈ, ਜਿਥੇ ਜਨਤਕ ਹੀਰੇ ਦੀ ਖਾਨ ਹੈ। ਜਦੋਂ ਸੈਲਾਨੀ ਹੀਰੇ ਲੱਭਦੇ ਹਨ ਤਾਂ ਉਹ ਉਨ੍ਹਾਂ ਨੂੰ ਪਾਰਕ ਦੇ ਡਾਇਮੰਡ ਡਿਸਕਵਰੀ ਸੈਂਟਰ ’ਚ ਲੈ ਜਾਂਦੇ ਹਨ। ਇਸ ਸੈਂਟਰ ਨੇ ਹੀ ਰੈੱਡਬਰਗ ਨੂੰ ਮਿਲੇ ਹੀਰੇ ਦੀ ਪੁਸ਼ਟੀ ਕੀਤੀ ਸੀ। ਇਸ ਪਾਰਕ ਦੇ ਅਨੁਸਾਰ ਕ੍ਰੇਟਰ ਆਫ ਡਾਇਮੰਡਸ ਵਿਖੇ 1906 ਤੋਂ ਬਾਅਦ 75,000 ਤੋਂ ਜ਼ਿਆਦਾ ਹੀਰੇ ਖੋਜੇ ਗਏ ਹਨ। ਹਾਲਾਂਕਿ ਨੋਰੀਨ ਨੂੰ ਮਿਲੇ ਹੀਰੇ ਦੀ ਕੀਮਤ ਅਜੇ ਸਪੱਸ਼ਟ ਨਹੀਂ ਹੈ ਪਰ ਉਸ ਅਨੁਸਾਰ 1990 ’ਚ ਪਾਰਕ ’ਚ ਮਿਲਿਆ 3.03 ਕੈਰੇਟ ਦਾ ਹੀਰਾ ਬਾਅਦ ’ਚ ਗੋਲ ਆਕਾਰ ਦੇ ਨਾਲ 1.09 ਕੈਰੇਟ ’ਚ ਕੱਟਿਆ ਗਿਆ ਸੀ ਅਤੇ ਸੋਨੇ ਦੀ ਮੁੰਦਰੀ ’ਚ ਸੈੱਟ ਕੀਤਾ ਗਿਆ।  ਪਾਰਕ ਨੇ ਬਾਅਦ ’ਚ 34,000 ਡਾਲਰ ’ਚ ਰਿੰਗ ਖਰੀਦੀ ਸੀ।


author

Manoj

Content Editor

Related News