ਅਮਰੀਕਾ : ਭਾਰਤੀ ਔਰਤ ਦੀ ਜਹਾਜ਼ 'ਚ ਮੌਤ, ਪਰਿਵਾਰ ਨੇ ਏਅਰ ਸਟਾਫ ਨੂੰ ਘੇਰਿਆ
Thursday, Mar 12, 2020 - 01:52 PM (IST)
ਨਿਊਯਾਰਕ/ ਸ਼ਿਕਾਗੋ ,( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਵਿਸਕਾਨਸਿਨ ਦੇ ਬਰੌਕਫੀਲਡ ਦੀ ਵਾਸੀ ਇਕ ਭਾਰਤੀ ਮੂਲ ਦੀ ਔਰਤ ਦੀ ਜਹਾਜ਼ 'ਚ ਅਚਾਨਕ ਮੌਤ ਹੋਣ 'ਤੇ ਹੜਕੰਪ ਮਚ ਗਿਆ। ਉਸ ਦੇ ਪਰਿਵਾਰ ਮੁਤਾਬਕ 67 ਸਾਲਾ ਰੀਥਾ ਗੋਪਾਲ ਨੂੰ ਕੋਈ ਭਿਆਨਕ ਬਿਮਾਰੀ ਨਹੀਂ ਸੀ ਤੇ ਉਸ ਦੀ ਅਚਾਨਕ ਮੌਤ ਹੋਣ ਨਾਲ ਉਹ ਸਦਮੇ 'ਚ ਹਨ। ਰੀਥਾ ਓਹਰੇ ਅੰਤਰਰਾਸ਼ਟਰੀ ਏਅਰਪੋਰਟ ਸ਼ਿਕਾਗੋ ਤੋਂ ਕਤਰ ਲਈ ਰਵਾਨਾ ਹੋਈ ਸੀ ਪਰ ਬਾਅਦ 'ਚ ਪਰਿਵਾਰ ਨੂੰ ਉਸ ਦੀ ਮੌਤ ਹੋਣ ਦੀ ਖਬਰ ਮਿਲੀ।
ਪਰਿਵਾਰ ਮੁਤਾਬਕ ਰੀਥਾ 21 ਫਰਵਰੀ ਨੂੰ ਅਮਰੀਕਾ ਦੇ ਸ਼ਿਕਾਗੋ ਤੋਂ ਕਤਰ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਸਵਾਰ ਹੋਈ ਸੀ ਅਤੇ ਫਿਰ ਉਸ ਨੇ ਭਾਰਤ ਲਈ ਰਵਾਨਾ ਹੋਣਾ ਸੀ। ਉਹ ਕਰਨਾਟਕ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਕਤਰ ਏਅਰਵੇਜ਼ ਫਲਾਈਟ 726 ਨੇ 21 ਫਰਵਰੀ ਸ਼ਾਮ 6.30 ਵਜੇ ਉਡਾਣ ਭਰੀ ਅਤੇ ਇਹ ਅਗਲੇ ਦਿਨ ਸ਼ਾਮ 4.30 ਵਜੇ ਦੋਹਾ ਪੁੱਜੀ। ਰੀਥਾ ਗੋਪਾਲ ਨੂੰ 23 ਫਰਵਰੀ ਸਵੇਰੇ 11 ਵਜੇ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਰੀਥਾ ਦੇ ਪੁੱਤਰ ਵਿਕਰਮ ਮੁਤਾਬਕ ਉਨ੍ਹਾਂ ਨੂੰ ਜਹਾਜ਼ ਕਰਮਚਾਰੀਆਂ ਵਲੋਂ ਕੋਈ ਸਪੱਸ਼ਟ ਉੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਈ ਅਧਿਕਾਰੀ ਉਨ੍ਹਾਂ ਨੂੰ ਕਹਿੰਦੇ ਰਹੇ ਕਿ ਉਹ ਮੈਡੀਕਲ ਕਾਗਜ਼ਾਂ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਹੀ ਦੱਸਣਗੇ ਕਿ ਰੀਥਾ ਨੂੰ ਕੀ ਹੋਇਆ ਸੀ। ਬਹੁਤਾ ਜ਼ੋਰ ਪਾਉਣ 'ਤੇ ਇਕ ਕਰਮਚਾਰੀ ਨੇ ਕਿਹਾ ਕਿ ਰੀਥਾ ਨੂੰ ਛਾਤੀ 'ਚ ਦਰਦ ਹੋ ਰਹੀ ਸੀ ਤੇ ਉਨ੍ਹਾਂ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਨੇ ਕਿਹਾ ਕਿ ਉਹ ਫਲਾਈਟ 'ਚ ਹੀ ਮਰ ਗਈ ਸੀ। ਵਿਕਰਮ ਸੋਸ਼ਲ ਮੀਡੀਆ ਰਾਹੀਂ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਦੀ ਮਾਂ ਦੀ ਮੌਤ ਕਿਵੇਂ ਹੋਈ। ਪਰਿਵਾਰ ਨੇ ਏਅਰ ਸਟਾਫ ਨੂੰ ਘੇਰਦਿਆਂ ਜਵਾਬ ਦੀ ਮੰਗ ਕੀਤੀ ਹੈ।