ਕਰੂਜ਼ ਸ਼ਿਪ ਛੱਡਣ ਦੇ ਬਾਅਦ ਔਰਤ ''ਚ ਮਿਲੇ ਕੋਰੋਨਾ ਦੇ ਲੱਛਣ, ਸਵਾਲਾਂ ''ਚ ਘਿਰਿਆ ਮਾਮਲਾ

02/23/2020 2:29:35 PM

ਟੋਕੀਓ— ਜਾਪਾਨ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 'ਡਾਇਮੰਡ ਪ੍ਰਿੰਸਸ' ਕਰੂਜ਼ ਜਹਾਜ਼ 'ਚੋਂ ਉੱਤਰੀ ਇਕ ਤੰਦਰੁਸਤ ਔਰਤ ਪਹਿਲਾਂ ਜਾਂਚ 'ਚ ਨੈਗੇਟਿਵ ਪਾਈ ਗਈ ਪਰ ਬਾਅਦ 'ਚ ਉਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜਹਾਜ਼ 'ਚੋਂ ਵੱਖ ਰੱਖੇ ਜਾਣ ਅਤੇ ਬਚਾਅ ਦੀਆਂ ਸਾਰੀਆਂ ਯੋਜਨਾਵਾਂ ਦੇ ਪ੍ਰਭਾਵਾਂ 'ਤੇ ਸਵਾਲ ਚੁੱਕੇ ਗਏ ਹਨ। ਸਿਹਤ ਮੰਤਰੀ ਕਤਸੁਨੋਬਾ ਕਾਤੋ ਨੇ ਸਹੀ ਜਾਂਚ ਬਿਨਾਂ 23 ਯਾਤਰੀਆਂ ਨੂੰ ਜਹਾਜ਼ 'ਚੋਂ ਘਰ ਜਾਣ ਦੀ ਇਜਾਜ਼ਤ ਦੇਣ ਲਈ ਮੁਆਫੀ ਵੀ ਮੰਗੀ ਹੈ। ਇਸ ਸਬੰਧ 'ਚ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਜਹਾਜ਼ ਤੋਂ ਉੱਤਰੀ 60 ਸਾਲਾ ਔਰਤ ਟਰੇਨ ਰਾਹੀਂ ਟੋਕੀਓ ਦੇ ਤੋਚਿਗੀ 'ਚ ਆਪਣੇ ਘਰ ਵਾਪਸ ਆਈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਬੁਖਾਰ ਹੋ ਗਿਆ। ਸ਼ਨੀਵਾਰ ਨੂੰ ਉਸ ਦੇ ਟੈਸਟ ਪਾਜ਼ੀਟਿਵ ਆਏ। ਜਹਾਜ਼ 'ਚੋਂ ਉਤਰਨ ਦੇ ਬਾਅਦ ਜਾਪਾਨ 'ਚ ਇਹ ਪਹਿਲੀ ਯਾਤਰੀ ਹੈ, ਜਿਸ 'ਚ ਵਾਇਰਸ ਦੇ ਲੱਛਣ ਪਾਏ ਗਏ। ਇਹ ਖਬਰ ਅਜਿਹੇ ਸਮੇਂ ਆਈ ਹੈ ਜਦ ਵਾਇਰਸ ਦੇ ਮਾਹਿਰਾਂ ਅਤੇ ਸਥਾਨਕ ਅਧਿਕਾਰੀਆਂ ਨੇ ਜਹਾਜ਼ ਨੂੰ ਅਲੱਗ ਰੱਖੇ ਜਾਣ ਦੇ ਅਸਰ ਨੂੰ ਲੈ ਕੇ ਸਵਾਲ ਚੁੱਕੇ ਹਨ।

ਤੋਚਿਗੀ ਦੇ ਗਵਰਨਰ ਤੋਮੋਕਾਜੂ ਫੁਕਦਾ ਨੇ ਸ਼ਨੀਵਾਰ ਦੇਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਜੋ ਲੋਕ ਜਹਾਜ਼ 'ਚੋਂ ਠੀਕ ਘਰ ਭੇਜੇ ਗਏ, ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਉਹ ਲੋਕ ਵੀ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ। ਅਸੀਂ ਸਰਕਾਰ ਨੂੰ ਹੋਰ ਕਦਮ ਚੁੱਕਣ ਦੀ ਅਪੀਲ ਕਰਾਂਗੇ। ਵਾਇਰਸ ਰੋਗ ਦੇ ਮਾਹਿਰ ਕੇਨਤਾਰੋ ਇਵਾਤਾ ਨੇ ਕਿਹਾ ਕਿ ਜਹਾਜ਼ 'ਤੇ ਸਥਿਤੀ ਪੂਰੀ ਤਰ੍ਹਾਂ ਅਵਿਵਸਥਿਤ ਸੀ ਅਤੇ ਵੱਖਰੇ ਰੱਖੇ ਜਾਣ ਦੀ ਪ੍ਰਕਿਰਿਆ ਦਾ ਉਲੰਘਣ ਹੋਇਆ ਹੈ। ਇਸੇ ਲਈ ਸੁਝਾਅ ਦਿੱਤਾ ਗਿਆ ਹੈ ਕਿ ਜਹਾਜ਼ 'ਚੋਂ ਉਤਰਨ ਮਗਰੋਂ ਸਾਰੇ ਲੋਕਾਂ 'ਤੇ ਘੱਟ ਤੋਂ ਘੱਟ 14 ਦਿਨ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਦੂਜਿਆਂ ਦੇ ਸੰਪਰਕ 'ਚ ਜਾਣ ਤੋਂ ਬਚਣਾ ਚਾਹੀਦਾ ਹੈ।

 


Related News