15 ਸਾਲ ਜੇਲ ਭੁਗਤਣ ਤੋਂ ਬਾਅਦ ਔਰਤ ਨੂੰ ਮਿਲੀ ਕਤਲ ਕੇਸ 'ਚ ਮੁਆਫੀ

01/08/2019 1:02:48 PM

ਸ਼ਿਕਾਗੋ(ਏਜੰਸੀ)— ਅਮਰੀਕਾ ਦੀ ਇਕ ਅਦਾਲਤ ਨੇ ਸਾਲਾਂ ਪੁਰਾਣੇ ਕਤਲ ਮਾਮਲੇ ਦੀ ਦੋਸ਼ੀ ਸਿਨਟੋਇਆ ਬ੍ਰਾਊਨ ਨੂੰ ਮੁਆਫੀ ਦੇ ਦਿੱਤੀ ਹੈ। ਉਹ 2004 'ਚ ਉਸ ਵਿਅਕਤੀ ਦੇ ਕਤਲ ਦੇ ਜ਼ੁਰਮ 'ਚ ਸਜ਼ਾ ਕੱਟ ਰਹੀ ਸੀ, ਜਿਸ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਸ ਸਮੇਂ ਉਹ 16 ਸਾਲ ਦੀ ਸੀ ਅਤੇ ਪੜ੍ਹਾਈ ਕਰ ਰਹੀ ਸੀ। 
ਟੇਨੇਸੀ ਦੇ ਗਵਰਨਰ ਬਿਲ ਹੈਸਲੇਮ ਨੇ ਕਿਹਾ ਕਿ ਹੁਣ 30 ਸਾਲ ਦੀ ਹੋ ਚੁੱਕੀ ਸਿਨਟੋਇਆ ਬ੍ਰਾਊਨ ਨੂੰ 2004 'ਚ ਨੈਸ਼ਵਿਲੇ 'ਚ ਰੀਅਲ ਅਸਟੇਟ ਏਜੰਟ ਦਾ ਕਤਲ ਕਰਨ ਕਰਕੇ ਸਖਤ ਸਜ਼ਾ ਦਿੱਤੀ ਗਈ ਸੀ।  
ਉਸ ਨੇ ਦੱਸਿਆ ਕਿ 2004 'ਚ ਉਹ ਇਕ ਦਲਾਲ ਤੋਂ ਬਚ ਕੇ ਦੌੜ ਰਹੀ ਸੀ ਕਿ ਜਾਨੀ ਐਲਨ ਨਾਂ ਦਾ ਵਿਅਕਤੀ ਉਸ ਨੂੰ ਆਪਣੇ ਘਰ ਲੈ ਆਇਆ ਪਰ ਉਹ ਵੀ ਉਸ ਦਾ ਜਿਨਸੀ ਸ਼ੋਸ਼ਣ ਕਰਨ ਲੱਗ ਗਿਆ ਸੀ। ਸਿਨਟੋਇਆ ਨੂੰ ਆਪਣੀ ਜਾਨ ਦਾ ਖਤਰਾ ਸੀ, ਜਿਸ ਕਾਰਨ ਉਸ ਨੇ ਐਲਨ ਦਾ ਕਤਲ ਕਰ ਦਿੱਤਾ।
ਅਦਾਲਤ ਨੇ ਸਿਨਟੋਇਆ ਨੂੰ ਪਹਿਲੀ ਡਿਗਰੀ ਦੀ ਕਾਤਲ ਅਤੇ ਡਕੈਤੀ ਦੀ ਦੋਸ਼ੀ ਠਹਿਰਾਇਆ ਸੀ। ਇਸੇ ਲਈ ਉਸ ਨੂੰ 51 ਸਾਲਾਂ ਬਾਅਦ ਪੈਰੋਲ ਮਿਲਣ ਦੇ ਹੁਕਮ ਸਮੇਤ ਸਾਰੀ ਉਮਰ ਕੈਦ 'ਚ ਰਹਿਣ ਦੀ ਸਜ਼ਾ ਸੁਣਾਈ ਗਈ ਸੀ। ਹੁਣ 10 ਸਾਲ ਦੀ ਪੈਰੋਲ ਦੀ ਸ਼ਰਤ ਨਾਲ ਉਸ ਨੂੰ ਮੁਆਫੀ ਦਿੱਤੀ ਗਈ ਹੈ। ਉਸ ਨੂੰ ਸਮਾਜ 'ਚ ਰਹਿਣ ਦੀ ਸਿਖਲਾਈ ਦੇਣ ਮਗਰੋਂ ਅਗਸਤ 'ਚ ਰਿਹਾਅ ਕਰ ਦਿੱਤਾ ਜਾਵੇਗਾ। ਉਸ ਨੇ ਸਾਥ ਦੇਣ ਵਾਲੇ ਗਵਰਨਰ ਦਾ ਧੰਨਵਾਦ ਕੀਤਾ ਹੈ । ਇਹ ਮਾਮਲਾ ਪਿਛਲੇ ਮਹੀਨੇ ਕਾਫੀ ਚਰਚਾ 'ਚ ਰਿਹਾ ਸੀ। ਕਈ ਮਹਾਨ ਹਸਤੀਆਂ ਨੇ ਸਿਨਟੋਇਆ ਨੂੰ ਮੁਆਫ ਕੀਤੇ ਜਾਣ ਦਾ ਸਮਰਥਨ ਕੀਤਾ ਸੀ, ਜਿਸ 'ਚ ਅਦਾਕਾਰਾ ਐਸ਼ਲੇ ਜੁਡ ਅਤੇ ਕਿਮ ਕਾਰਦਰਸ਼ੀਆ ਵੀ ਸ਼ਾਮਲ ਹਨ।


Related News