ਪਤਨੀ ਦੇ ਕਤਲ ਦੇ ਦੋਸ਼ੀ ਕੇਵਲ ਸਿੰਘ ਨੂੰ ਹੋਈ 25 ਸਾਲ ਦੀ ਸਜ਼ਾ
Wednesday, Jun 23, 2021 - 06:17 PM (IST)
ਰੋਮ (ਕੈਂਥ) - ਅਗਸਤ 2012 ਵਿਚ ਅਚਾਨਕ ਗੁੰਮ ਹੋਈ ਜੁਗਵਿੰਦਰ ਕੌਰ ਨੂੰ ਲੱਭਣ ਵਿਚ ਨਾਕਾਮ ਰਹੀ ਬੈਲਜ਼ੀਅਮ ਪੁਲਸ ਨੇ ਅਪਣੀ ਜਾਂਚ-ਪੜਤਾਲ ਵਿਚ ਉਸਦੇ ਪਤੀ ਕੇਵਲ ਸਿੰਘ ਨੂੰ ਦੋਸ਼ੀ ਠਹਿਰਾਉਦਿਆਂ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ। ਹੇਠਲੀਆਂ ਅਦਾਲਤਾਂ, ਹਾਈਕੋਰਟ ਅਤੇ ਸੁਪਰੀਮ ਕੋਰਟ ਦੀ 12 ਮੈਂਬਰੀ ਜਿਊਰੀ ਨੇ ਇਸ ਮੁਕੱਦਮੇਂ ਦਾ ਅੰਤ ਕਰਦਿਆਂ ਅਪਣੇ ਫੈਸਲੇ ਵਿਚ ਕੇਵਲ ਸਿੰਘ ਨੂੰ ਅਪਣੀ ਪਤਨੀ ਦੇ ਕਤਲ ਦਾ ਅਤੇ ਉਸ ਦੀ ਮ੍ਰਿਤਕ ਦੇਹ ਗਾਇਬ ਕਰਨ ਦਾ ਦੋਸ਼ੀ ਐਲਾਨਦਿਆਂ 25 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਅਮਰੀਕੀ ਸਰਕਾਰ ਦਾ ਐਲਾਨ, ਜੇਕਰ 1.11 ਕਰੋੜ ਤੋਂ ਘੱਟ ਹੈ ਆਮਦਨ ਤਾਂ ਮਿਲਣਗੇ 22,000 ਰੁਪਏ ਮਹੀਨਾ
ਕੇਵਲ ਸਿੰਘ ਜਿਹੜਾ ਅਖ਼ੀਰ ਤੱਕ ਵੀ ਅਪਣੇ ਵੱਲੋਂ ਇਸ ਕਤਲ ਤੋਂ ਅਣਜਾਣ ਹੋਣ ਦੇ ਬਿਆਨਾਂ 'ਤੇ ਹੀ ਕਾਇਮ ਰਿਹਾ ਦੇ ਚੋਟੀ ਦੇ ਵਕੀਲਾਂ ਨੇ ਆਖਰੀ ਦਾਅ ਖੇਡਦਿਆਂ ਉਸ ਦੀ ਢਿੱਲੀ ਸਿਹਤ, ਵੱਧ ਉਮਰ ਅਤੇ ਹੁਣ ਕਿਸੇ ਜੁਰਮ ਵਿਚ ਸ਼ਰੀਕ ਨਾਂ ਹੋਣ ਦਾ ਤਰਲਾ ਵੀ ਅਦਾਲਤ ਅੱਗੇ ਪਾਇਆ ਪਰ ਅਦਾਲਤ ਨੇ ਅਪਣਾ ਸਖ਼ਤ ਰੁੱਖ ਬਰਕਰਾਰ ਰਖਦਿਆਂ ਫੈਸਲੇ ਵਿਚ ਲਿਖਿਆ ਕਿ ਇਹ ਅਣਖ਼ ਖ਼ਾਤਰ ਕੀਤਾ ਗਿਆ ਕਤਲ ਹੈ ਤੇ ਅਜਿਹੇ ਘਿਨਾਉਣੇ ਜੁਰਮ ਲਈ ਇਸ ਸਭਿਅਕ ਸਮਾਜ ਵਿਚ ਕੋਈ ਨਰਮੀ ਨਹੀਂ ਹੈ। ਫੈਸਲੇ ਵਿਚ ਜਿਊਰੀ ਕਹਿੰਦੀ ਹੈ ਕਿ ਅਭਾਗੀ ਜੁਗਵਿੰਦਰ ਕੌਰ ਨੂੰ ਆਪਣਾ ਕਿਰਿਆ ਕਰਮ ਵੀ ਨਸੀਬ ਨਹੀ ਹੋਇਆ।
ਇਹ ਵੀ ਪੜ੍ਹੋ: ਭਾਰਤੀ ਡੈਲਟਾ ਵੈਰੀਅੰਟ ਤੋਂ ਪ੍ਰੇਸ਼ਾਨ ਹੈ ਦੁਨੀਆ, ਡਰ ਕਾਰਨ ਇੰਗਲੈਂਡ ਨਹੀਂ ਹਟਾ ਰਿਹੈ ਪਾਬੰਦੀਆਂ
ਅਦਾਲਤ ਦਾ ਮੰਨਣਾ ਹੈ ਕਿ ਪਤਨੀ ਜੁਗਵਿੰਦਰ ਕੌਰ ਵੱਲੋਂ ਮੰਗੇ ਤਲਾਕ ਕਾਰਨ ਅਪਣੇ ਭਾਈਚਾਰੇ ਵਿਚ ਨੱਕ ਵੱਢੇ ਜਾਣ ਕਾਰਨ ਕੇਵਲ ਸਿੰਘ ਨੇ ਅਜਿਹਾ ਕੀਤਾ ਹੈ। ਹੁਣ ਤੱਕ ਸਹਿ ਦੋਸ਼ੀ ਮੰਨਿਆਂ ਜਾ ਰਿਹਾ ਕੇਵਲ ਸਿੰਘ ਦਾ ਸਾਬਕਾ ਕਾਮਾ ਪ੍ਰਮਿੰਦਰ ਸਿੰਘ ਕਾਨੀਆ ਨੂੰ ਉੱਚ ਅਦਾਲਤ ਨੇ ਬਰੀ ਕਰ ਦਿੱਤਾ ਹੈ, ਜੋ ਕਿ ਪੁਲਸ ਕੋਲ ਦਿੱਤੇ ਬਿਆਨਾਂ ਬਾਅਦ ਹੁਣ ਤੱਕ ਰੂਪੋਸ਼ ਹੈ। ਅਦਾਲਤ ਦੇ ਫੈਸਲੇ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਜੁਗਵਿੰਦਰ ਕੌਰ ਦੇ ਆਸਟਰੇਲੀਆਂ ਰਹਿੰਦੇ ਭਰਾ ਹਰਜੀਤ ਸਿੰਘ ਸੇਖੋਂ ਨੇ ਆਖਿਆ ਕਿ ਬੇਸ਼ੱਕ ਉਹਨਾਂ ਦੀ ਭੈਣ ਦੇ ਕਤਲ ਦਾ ਭੇਤ ਸਦਾ ਲਈ ਉਸ ਦੇ ਨਾਲ ਹੀ ਦਫ਼ਨ ਹੋ ਗਿਆ ਪਰ ਦੋਸ਼ੀ ਨੂੰ ਮਿਲੀ ਸਜ਼ਾ ਕਾਰਨ ਉਹ ਬੈਲਜ਼ੀਅਮ ਪੁਲਸ ਪ੍ਰਸ਼ਾਸਨ ਨਿਆਂਇਕ ਪ੍ਰਬੰਧ ਦੇ ਧੰਨਵਾਦੀ ਹਨ। ਜ਼ਿਕਰਯੋਗ ਹੈ ਕਿ ਕੇਵਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਭਾਗੀਕਾ ਅਤੇ ਜੁਗਵਿੰਦਰ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਦੀ ਜੰਮਪਲ ਸੀ, ਜਿਨ੍ਹਾਂ ਦਾ ਵਿਆਹ 2005 ਵਿਚ ਹੋਇਆ ਸੀ ਤੇ ਉਹਨਾਂ ਦੇ ਟੈਸਟ ਟਿਊਬ ਵਿੱਧੀ ਰਾਹੀਂ ਇਕ ਪੁੱਤਰ ਵੀ ਹੈ ਜੋ 1 ਸਾਲ ਦੀ ਉਮਰ ਵਿਚ ਹੀ ਮਾਂ ਦੀ ਮਮਤਾ ਤੋਂ ਵਾਂਝਾ ਹੋ ਗਿਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ