ਨੇਪਾਲ ''ਚ ਜੋੜੇ ਨੂੰ ਪਹਿਲੇ ਟਰਾਂਸਜੈਂਡਰ ਵਿਆਹ ਦੇ ਰੂਪ ''ਚ ਮਿਲੀ ਮਨਜ਼ੂਰੀ
Monday, Oct 09, 2017 - 05:55 PM (IST)
ਕਾਠਮਾਂਡੂ (ਭਾਸ਼ਾ)— ਨੇਪਾਲ ਦੇ ਇਕ ਪਿੰਡ ਵਿਚ ਇਕ ਲੜਕੇ ਦੇ ਰੂਪ ਵਿਚ ਪੈਦਾ ਹੋਏ ਮੋਨਿਕਾ ਸ਼ਾਹੀ ਨਾਥ ਨੇ ਕਦੇ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ ਕਿ ਇਕ ਦਿਨ ਉਹ ਲਾੜੀ ਬਨਣਗੇ ਅਤੇ ਉਨ੍ਹਾਂ ਨੂੰ ਇਕ ਪਤਨੀ ਅਤੇ ਨੂੰਹ ਦੇ ਰੂਪ ਵਿਚ ਸਵੀਕਾਰ ਕੀਤਾ ਜਾਵੇਗਾ। 40 ਸਾਲਾ ਮੋਨਿਕਾ ਸ਼ਾਹੀ ਨਾਥ ਨੇਪਾਲ ਦੀ ਪਹਿਲੀ ਅਜਿਹੀ ਟਰਾਂਸਜੈਂਡਰ ਸ਼ਖਸੀਅਤ ਬਣ ਗਏ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਨੇ ਵਿਆਹ ਪ੍ਰਮਾਣ ਪੱਤਰ ਜਾਰੀ ਕੀਤਾ ਹੈ। ਹਾਲਾਂਕਿ ਦੇਸ਼ ਵਿਚ ਇਸ ਤਰ੍ਹਾਂ ਦੀ ਵਿਵਸਥਾ ਲਈ ਕੋਈ ਰਮਸੀ ਕਾਨੂੰਨ ਨਹੀਂ ਹੈ।
ਮਈ ਵਿਚ 22 ਸਾਲਾ ਰਮੇਸ਼ ਨਾਥ ਯੋਗੀ ਨਾਲ ਵਿਆਹ ਕਰਾਉਣ ਵਾਲੇ ਮੋਨਿਕਾ ਸ਼ਾਹੀ ਨਾਥ ਨੂੰ ਸ਼ੁਰੂ ਵਿਚ ਇਹ ਖਦਸ਼ਾ ਸੀ ਕਿ ਉਸ ਦੇ ਸਹੁਰੇ ਘਰ ਵਾਲੇ ਆਪਣੇ ਪਰਿਵਾਰ ਵਿਚ ਉਸ ਦਾ ਇਕ ਟਰਾਂਸਜੈਂਡਰ ਦੇ ਰੂਪ ਵਿਚ ਸਵਾਗਤ ਨਹੀਂ ਕਰਨਗੇ ਅਤੇ ਨੇਪਾਲ ਵਿਚ ਇਸ ਤਰ੍ਹਾਂ ਦੇ ਜੋੜੇ ਨੂੰ ਮਨਜ਼ੂਰੀ ਮਿਲਣ ਦੇ ਮਾਮਲੇ ਘੱਟ ਹੀ ਸਾਹਮਣੇ ਆਏ ਹਨ। ਸਾਲ 2015 ਵਿਚ 'ਹੋਰ' ਦੇ ਲਈ 'ਓ' ਜੈਂਡਰ ਨਾਲ ਪਾਸਪੋਰਟ ਹਾਸਲ ਕਰਨ ਵਾਲੇ ਨਾਥ ਨੇ ਕਿਹਾ,''ਅਸੀਂ ਖੁਸ਼ ਹਾਂ ਕਿ ਸਾਨੂੰ ਪਤੀ-ਪਤਨੀ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ।''
ਉਨ੍ਹਾਂ ਨੇ ਕਿਹਾ,''ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਇਕ ਦਿਨ ਮੈਂ ਕਿਸੇ ਦੀ ਪਤਨੀ ਬਣਾਂਗੀ ਅਤੇ ਮੇਰੇ ਨਾਲ ਇਕ ਨੂੰਹ ਵਾਲਾ ਵਿਵਹਾਰ ਕੀਤਾ ਜਾਵੇਗਾ।'' ਨਾਥ ਪੱਛਮੀ ਨੇਪਾਲ ਦੇ ਦੂਰ ਇਕ ਪਿੰਡ ਵਿਚ ਲੜਕੇ ਦੇ ਰੂਪ ਵਿਚ ਵੱਡੀ ਹੋਈ ਸੀ, ਜਿਸ ਨੂੰ ਮਨੋਜ ਕਹਿ ਕੇ ਬੁਲਾਇਆ ਜਾਂਦਾ ਸੀ। ਉਸ ਨੇ ਕਿਹਾ ਕਿ ਉਹ ਹਮੇਸ਼ਾ ਕੁਝ ਵੱਖਰਾ ਮਹਿਸੂਸ ਕਰਦੀ ਸੀ। ਉਸ ਨੇ ਕਿਹਾ,''ਸਕੂਲ ਵਿਚ ਮੈਂ ਲੜਕੀਆਂ ਨਾਲ ਬੈਠਣਾ ਚਾਹੁੰਦੀ ਸੀ ਅਤੇ ਔਰਤਾਂ ਦੇ ਕੱਪੜੇ ਮੈਨੂੰ ਆਕਰਸ਼ਿਤ ਕਰਦੇ ਸਨ।''
20 ਸਾਲ ਦੀ ਉਮਰ ਵਿਚ ਉਸ ਨੇ ਲੜਕੀਆਂ ਦੀ ਤਰ੍ਹਾਂ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਆਪਣੀ ਭੈਣ ਦੇ ਕੱਪੜਿਆਂ ਨੂੰ ਚੋਰੀ ਕਰ ਕੇ ਨੇੜੇ ਦੇ ਸ਼ਹਿਰ ਵਿਚ ਕੁਝ ਦਿਨਾਂ ਲਈ ਰਹੀ। ਉਸ ਨੇ ਕਿਹਾ,''ਘਰ ਤੋਂ ਦੂਰ, ਮੈਂ ਚੋਰੀ-ਚੋਰੀ ਇਕ ਔਰਤ ਬਣ ਜਾਵਾਂਗਾ। ਇਹ ਵਿਚਾਰ ਮੈਨੂੰ ਬਹੁਤ ਖੁਸ਼ ਕਰਦਾ ਸੀ ਪਰ ਮੈਨੂੰ ਆਪਣੇ ਪਰਿਵਾਰ ਨੂੰ ਇਹ ਸਭ ਦੱਸਣ ਵਿਚ ਡਰ ਮਹਿਸੂਸ ਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਉਨ੍ਹਾਂ ਨੂੰ ਸ਼ਰਮਿੰਦਾ ਕਰਾਂਗਾ।'' ਯੋਗੀ ਦੇ ਪਰਿਵਾਰ ਨੇ ਸ਼ੁਰੂ ਵਿਚ ਵਿਰੋਧ ਜ਼ਾਹਰ ਕੀਤਾ ਪਰ ਹੁਣ ਭਾਈਚਾਰੇ ਨੇ ਉਨ੍ਹਾਂ ਨੂੰ ਜੋੜੇ ਦੇ ਰੂਪ ਵਿਚ ਸਵੀਕਾਰ ਕਰ ਲਿਆ ਹੈ।
ਨਾਥ ਨੇ ਕਿਹਾ,''ਮੈਨੂੰ ਕਿਸੇ ਦੀ ਪਤਨੀ ਹੋਣ ਦਾ ਅਸ਼ੀਰਵਾਦ ਮਿਲਿਆ ਹੈ ਪਰ ਸਰਕਾਰ ਨੂੰ ਕਾਨੂੰਨ ਬਦਲਣ ਦੀ ਲੋੜ ਹੈ ਤਾਂ ਜੋ ਲਕੋ ਆਸਾਨੀ ਨਾਲ ਉਸ ਇਨਸਾਨ ਨਾਲ ਵਿਆਹ ਕਰ ਸਕਣ, ਜਿਸ ਨਾਲ ਉਹ ਪਿਆਰ ਕਰਦੇ ਹਨ।''