WHO ਨੂੰ ਚਿੰਤਾ: ਨੌਜਵਾਨ ਅਣਜਾਣਪੁਣੇ ''ਚ ਫੈਲਾ ਰਹੇ ਹਨ ਕੋਰੋਨਾ
Wednesday, Aug 19, 2020 - 01:11 AM (IST)
ਮਨੀਲਾ (ਏਜੰਸੀਆਂ): ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ 20 ਤੋਂ ਲੈ ਕੇ 40 ਸਾਲ ਦੇ ਲੋਕਾਂ ਦੇ ਰਾਹੀਂ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਇਨਫੈਕਟਿਡ ਹਨ। ਅਜਿਹੇ ਲੋਕ ਬਜ਼ੁਰਗਾਂ ਤੇ ਰੋਗੀਆਂ ਜਿਵੇਂ ਕਿ ਜੋਖਿਮ ਵਾਲੇ ਸਮੂਹ ਦੇ ਲਈ ਗੰਭੀਰ ਖਤਰਾ ਬਣ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਪੱਛਮੀ ਪ੍ਰਸ਼ਾਂਤ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਨਾਲ ਹੀ ਸਮੂਹ ਰੱਖਿਆ ਨੂੰ ਲੈ ਕੇ ਵੀ ਸਾਵਧਾਨ ਕੀਤਾ ਹੈ।
ਨਵੇਂ ਪੜਾਅ 'ਚ ਦਾਖਲ ਹੋ ਗਈ ਕੋਰੋਨਾ ਮਹਾਮਾਰੀ
ਵਿਸ਼ਵ ਸਿਹਤ ਸੰਗਠਨ ਦੇ ਪੱਛਮੀ ਪ੍ਰਸ਼ਾਂਤ ਖੇਤਰ ਦੇ ਖੇਤਰੀ ਡਾਇਰੈਕਟਰ ਡਾ. ਤਾਕੇਸ਼ੀ ਕਸਾਈ ਨੇ ਕਿਹਾ ਕਿ ਮਹਾਮਾਰੀ ਬਦਲ ਰਹੀ ਹੈ। 20, 30 ਤੇ 40 ਸਾਲ ਦੀ ਉਮਰ ਤੱਕ ਦੇ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਰਹੇ ਹਨ ਤੇ ਇਨ੍ਹਾਂ ਵਿਚੋਂ ਵਧੇਰੇ ਇਸ ਤੋਂ ਅਣਜਾਣ ਹਨ। ਪਿਛਲੇ ਕੁਝ ਦਿਨਾਂ ਵਿਚ ਦੁਨੀਆ ਭਰ ਦੇ ਨੌਜਵਾਨਾਂ ਦੇ ਇਨਫੈਕਟਿਡ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਕਸਾਈ ਨੇ ਕਿਹਾ ਕਿ ਤਕਰੀਬਨ 1.9 ਅਰਬ ਅਬਾਦੀ ਵਾਲਾ ਪੱਛਮੀ ਪ੍ਰਸ਼ਾਂਤ ਖੇਤਰ ਖੇਤਰ ਕੋਰੋਨਾ ਮਹਾਮਾਰੀ ਦੇ ਨਵੇਂ ਪੜਾਅ ਵਿਚ ਦਾਖਲ ਕਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੜਾਅ ਹੈ ਜਿਸ ਵਿਚ ਸਰਕਾਰਾਂ ਨੂੰ ਸਥਾਈ ਰੂਪ ਨਾਲ ਇਨਫੈਕਸ਼ਨ ਦੇ ਕਈ ਗੁਣਾ ਤੱਕ ਵਧਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਖੇਤਰ ਵਿਚ ਆਸਟਰੇਲੀਆ, ਫਿਲਪੀਨਸ ਤੇ ਜਾਪਾਨ ਸਣੇ ਕਈ ਦੇਸ਼ ਆਉਂਦੇ ਹਨ, ਜਿਥੇ 40 ਸਾਲ ਤੋਂ ਘੱਟ ਦੀ ਉਮਰ ਦੇ ਲੋਕ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ।
ਆਪਣੇ ਹਿੱਤ ਨੂੰ ਅੱਗੇ ਰੱਖਣ ਨਾਲ ਵਿਗੜ ਰਹੇ ਹਾਲਾਤ
ਜਿਨੇਵਾ ਵਿਚ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਨੋਮ ਘੇਬ੍ਰੇਯੇਸਸ ਨੇ ਕਿਹਾ ਕਿ ਕੋਰੋਨਾ ਦੀ ਸੰਭਾਵਿਤ ਵੈਕਸੀਨ ਹਾਸਲ ਕਰਨ ਦੇ ਲਈ ਦੇਸ਼ ਆਪਣੇ ਹਿੱਤਾਂ ਨੂੰ ਅੱਗੇ ਰੱਖ ਰਹੇ ਹਨ, ਇਸ ਨਾਲ ਮਹਾਮਾਰੀ ਦੇ ਹਾਲਾਤ ਹੋਰ ਵਿਗੜ ਰਹੇ ਹਨ। ਉਨ੍ਹਾਂ ਕਿਹਾ ਕਿ ਰਣਨੀਤਿਕ ਤੇ ਗਲੋਬਲ ਪੱਧਰ 'ਤੇ ਕੰਮ ਕਰਨਾ ਸਾਰੇ ਦੇਸ਼ਾਂ ਦੇ ਹਿੱਤ ਵਿਚ ਹੈ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ, ਕੋਈ ਸੁਰੱਖਿਅਤ ਨਹੀਂ ਹੋਵੇਗਾ।
ਵਿਸ਼ਵ ਸਿਹਤ ਸੰਗਠਨ ਦੇ ਐਮਰਜੰਸੀ ਸਿਹਤ ਸੇਵਾਵਾਂ ਦੇ ਮੁਖੀ ਡਾ. ਮਾਈਕਲ ਰੇਆਨ ਨੇ ਕਿਹਾ ਕਿ ਫਿਲਹਾਲ ਹਰਡ ਇਮਿਊਨਿਟੀ (ਸਮੂਹਿਕ ਰੋਗ ਰੱਖਿਆ ਸਮਰਥਾ) ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰਡ ਇਮਿਊਨਿਟੀ ਬਣਨ ਦੀ ਆਸ ਵਿਚ ਨਹੀਂ ਰਹਿਣਾ ਚਾਹੀਦਾ ਹੈ। ਹਰਡ ਇਮਿਊਨਿਟੀ ਉਸ ਹਾਲਤ ਨੂੰ ਕਹਿੰਦੇ ਹਨ, ਜਿਸ ਵਿਚ ਤਕਰੀਬਨ 70 ਫੀਸਦੀ ਆਬਾਦੀ ਵਿਚ ਇਨਫੈਕਸ਼ਨ ਨੂੰ ਮਾਰਨ ਵਾਲੇ ਐਂਟੀਬਾਡੀ ਬਣਦੇ ਹਨ। ਰੇਆਨ ਨੇ ਕਿਹਾ ਕਿ ਅਜੇ ਅਸੀਂ ਰੋਗ ਪ੍ਰਤੀਰੋਧਕ ਸਮਰਥਾ ਦੇ ਉਸ ਪੱਧਰ ਨੂੰ ਹਾਸਲ ਕਰਨ ਵਿਚ ਸਫਲ ਨਹੀਂ ਹੋਏ ਹਾਂ, ਜੋ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਜ਼ਰੂਰੀ ਹੈ।