WHO ਮੁਖੀ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਦਿੱਤੀ ਚੇਤਾਵਨੀ, ਕਿਹਾ-‘ਸਭ ਤੋਂ ਖ਼ਤਰਨਾਕ’ ਹੈ ਇਹ ਦੌਰ
Saturday, Jul 03, 2021 - 02:02 PM (IST)

ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਡਾਇਰੈਕਟਰ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਕੋਰੋਨਾ ਮਹਾਮਾਰੀ ਦੇ ਬਹੁਤ ‘ਖਤਰਨਾਕ ਦੌਰ’ ਵਿਚ ਹੈ, ਜਿਸ ਦੇ ਡੈਲਟਾ ਵਰਗੇ ਰੂਪ ਜ਼ਿਆਦਾ ਖਤਰਨਾਕ ਹਨ ਤੇ ਸਮੇਂ ਦੇ ਨਾਲ ਲਗਾਤਾਰ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੀ ਘੱਟ ਆਬਾਦੀ ਨੂੰ ਟੀਕੇ ਲੱਗੇ ਹਨ, ਉਥੇ ਹਸਪਤਾਲਾਂ ਵਿਚ ਫਿਰ ਤੋਂ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਡੈਲਟਾ ਵਰਗੇ ਰੂਪ ਜ਼ਿਆਦਾ ਖਤਰਨਾਕ ਹਨ ਤੇ ਕਈ ਦੇਸ਼ਾਂ ’ਚ ਇਹ ਫੈਲ ਰਿਹਾ ਹੈ। ਇਸ ਦੇ ਨਾਲ ਹੀ ਅਸੀਂ ਇਸ ਮਹਾਮਾਰੀ ਦੇ ਬਹੁਤ ਖਤਰਨਾਕ ਦੌਰ ’ਚ ਹਾਂ।
ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਗੇਬ੍ਰੇਯਸਸ ਨੇ ਕਿਹਾ ਕਿ ਕੋਈ ਵੀ ਦੇਸ਼ ਹੁਣ ਤਕ ਖਤਰੇ ਤੋਂ ਬਾਹਰ ਨਹੀਂ ਹੈ। ਡੈਲਟਾ ਵੇਰੀਐਂਟ ਖਤਰਨਾਕ ਹੈ ਤੇ ਇਹ ਸਮੇਂ ਦੇ ਨਾਲ-ਨਾਲ ਬਦਲ ਰਿਹਾ ਹੈ, ਜਿਸ ’ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡੈਲਟਾ ਰੂਪ ਘੱਟ ਤੋਂ ਘੱਟ 98 ਦੇਸ਼ਾਂ ਵਿਚ ਪਾਇਆ ਗਿਆ ਹੈ ਤੇ ਉਨ੍ਹਾਂ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਥੇ ਘੱਟ ਤੇ ਜ਼ਿਆਦਾ ਟੀਕਾਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨ ਸਿਹਤ ਤੇ ਸਮਾਜਿਕ ਉਪਾਅ ਵਰਗੀ ਸਖਤ ਨਿਗਰਾਨੀ, ਜਾਂਚ, ਸ਼ੁੁਰੂਆਤੀ ਪੱਧਰ ’ਤੇ ਬੀਮਾਰੀ ਦਾ ਪਤਾ ਲਾਉਣਾ, ਇਕਾਂਤਵਾਸ ਤੇ ਮੈਡੀਕਲ ਦੇਖਭਾਲ ਹੁਣ ਵੀ ਅਹਿਮ ਹਨ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਨੇ ਕਿਹਾ ਕਿ ਮਾਸਕ ਲਾਉਣਾ, ਸਮਾਜਿਕ ਦੂਰੀ, ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣਾ ਤੇ ਘਰਾਂ ਨੂੰ ਹਵਾਦਾਰ ਰੱਖਣ ਦੀ ਪੂਰੀ ਵਿਵਸਥਾ ਅਹਿਮ ਹੈ। ਉਨ੍ਹਾਂ ਦੁਨੀਆ ਭਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਇਕੱਠੇ ਮਿਲ ਕੇ ਇਹ ਯਕੀਨੀ ਕਰੋ ਕਿ ਅਗਲੇ ਸਾਲ ਤਕ ਹਰ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਾ ਲੱਗ ਜਾਵੇ ਤਾਂ ਕਿ ਵਾਇਰਸ ਦੇ ਇਸ ਖਤਰਨਾਕ ਰੂਪ ਨੂੰ ਖਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ WHO