USA : 18 ਏਕੜ ''ਚ ਬਣੇ ਵ੍ਹਾਈਟ ਹਾਊਸ ਨੂੰ ਲੈ ਕੇ ਜਾਣੋ ਅਹਿਮ ਗੱਲਾਂ
Thursday, Jan 21, 2021 - 03:29 PM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਊਸ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਥਾਨ ਮੰਨਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਦਫ਼ਤਰ ਅਤੇ ਨਿਵਾਸ ਦਾ ਪਤਾ '1600 ਪੈਨਸਿਲਵੇਨੀਆ ਐਵੀਨਿਊ ਉੱਤਰ-ਪੱਛਮੀ, ਵਾਸ਼ਿੰਗਟਨ ਡੀ. ਸੀ. ਸੰਯੁਕਤ ਰਾਸ਼ਟਰ' ਹੈ। ਇਹ ਦੁਨੀਆ ਦੀ ਸਭ ਤੋਂ ਮਸ਼ਹੂਰ ਇਮਾਰਤ ਹੈ ਤੇ ਲਗਭਗ ਸਾਰੀ ਦੁਨੀਆ ਇਸ ਦਾ ਨਾਂ ਜਾਣਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਬੰਧੀ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਾ ਪਤਾ ਹੋਣ।
ਵ੍ਹਾਈਟ ਹਾਊਸ ਰਾਸ਼ਟਰਪਤੀ ਦੇ ਮੁੱਖ ਸਟਾਫ਼ ਦੇ ਘਰ ਅਤੇ ਦਫ਼ਤਰ ਦੋਵਾਂ ਦੇ ਰੂਪ ਵਿਚ ਕੰਮ ਕਰਦਾ ਹੈ ਤੇ ਇਹ ਅਮਰੀਕਾ ਦੀ ਇਤਿਹਾਸਕ ਵਿਰਾਸਤ ਦਾ ਇਕ ਖ਼ਾਸ ਨਮੂਨਾ ਵੀ ਹੈ। ਇਸ ਵਿਚ ਰਾਸ਼ਟਰਪਤੀ ਲਈ ਹਰ ਸੁਵਿਧਾ ਮੌਜੂਦ ਹੈ ਤੇ ਇਸ ਦੇ ਨਾਲ ਹੀ ਵ੍ਹਾਈਟ ਹਾਊਸ ਵਿਚ ਇਕ ਬੰਕਰ ਵੀ ਹੈ, ਜੋ ਮੁਸੀਬਤ ਸਮੇਂ ਵਰਤਿਆ ਜਾ ਸਕਦਾ ਹੈ।
ਨਿਰਮਾਣ 'ਚ ਲੱਗੇ ਸਨ 8 ਸਾਲ-
ਵ੍ਹਾਈਟ ਹਾਊਸ ਦੀ ਇਸ ਵਿਸ਼ਾਲ ਇਮਾਰਤ ਨੂੰ ਬਣਾਉਣ ਵਿਚ 8 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਨਿਰਮਾਣ 1792 ਤੋਂ 1800 ਦੇ ਵਿਚਕਾਰ ਹੋਇਆ ਸੀ। ਇਸ ਖ਼ੂਬਸੂਰਤ ਇਮਾਰਤ ਦਾ ਡਿਜ਼ਾਇਨ ਆਇਰਲੈਂਡ ਦੇ ਜੇਮਸ ਹੋਬਨ ਨੇ ਤਿਆਰ ਕੀਤਾ ਸੀ। ਵ੍ਹਾਈਟ ਹਾਊਸ ਦਾ ਨਿਰਮਾਣ ਅਫ਼ਰੀਕੀ-ਅਮਰੀਕੀ ਗ਼ੁਲਾਮਾਂ ਨੇ ਕੀਤਾ ਸੀ। ਵ੍ਹਾਈਟ ਹਾਊਸ ਲਗਭਗ 18 ਏਕੜ ਵਿਚ ਫੈਲਿਆ ਹੈ। ਪਹਿਲਾਂ ਵ੍ਹਾਈਟ ਹਾਊਸ ਦੀ ਥਾਂ ਇਕ ਜੰਗਲ ਅਤੇ ਪਹਾੜ ਹੁੰਦਾ ਸੀ. ਇੱਥੇ ਕੁਝ ਲੋਕ ਰਹਿੰਦੇ ਸਨ ਪਰ ਅਮਰੀਕਾ ਦੀ ਕਾਂਗਰਸ ਨੇ 1789 ਵਿਚ ਨਵੀਂ ਰਾਜਧਾਨੀ ਬਣਾਉਣ ਦਾ ਫ਼ੈਸਲਾ ਲਿਆ। ਹਾਲਾਂਕਿ ਹਮੇਸ਼ਾ ਤੋਂ ਇਸ ਦਾ ਨਾਂ ਵ੍ਹਾਈਟ ਹਾਊਸ ਨਹੀਂ ਸੀ ਜਦ ਇਸ ਦਾ ਨਿਰਮਾਣ ਹੋਇਆ ਤਾਂ ਇਸ ਦਾ ਨਾਂ 'ਪ੍ਰੈਜ਼ੀਡੈਂਟਸ ਪੈਲਸ' ਜਾਂ 'ਪ੍ਰੈਜ਼ੀਡੈਂਟ ਮੈਂਸ਼ਨ' ਸੀ।
ਵ੍ਹਾਈਟ ਹਾਊਸ 'ਚ ਹਨ 132 ਕਮਰੇ-
ਵ੍ਹਾਈਟ ਹਾਊਸ ਵਿਚ 132 ਕਮਰੇ, 35 ਬਾਥਰੂਮ, 412 ਦਰਵਾਜ਼ੇ, 147 ਖਿੜਕੀਆਂ, 8 ਪੌੜੀਆਂ ਅਤੇ 3 ਲਿਫਟ ਹਨ। 6 ਮੰਜ਼ਲਾ ਇਸ ਇਮਾਰਤ ਵਿਚ ਦੋ ਬੇਸਮੈਂਟ, ਦੋ ਪਬਲਿਕ ਫਲੋਰ ਹਨ ਅਤੇ ਬਾਕੀ ਦੇ ਫਲੋਰ ਅਮਰੀਕੀ ਰਾਸ਼ਟਰਪਤੀ ਲਈ ਸੁਰੱਖਿਅਤ ਰੱਖੇ ਗਏ ਹਨ। ਇਸ ਦੇ ਇਲਾਵਾ ਵ੍ਹਾਈਟ ਹਾਊਸ ਵਿਚ ਪੂਰਾ ਸਮਾਂ ਕੰਮ ਕਰਨ ਵਾਲੇ 5 ਸ਼ੈੱਫ ਰਹਿੰਦੇ ਹਨ ਅਤੇ ਇਮਾਰਤ ਦੇ ਅੰਦਰ 140 ਮਹਿਮਾਨਾਂ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਬਾਈਡੇਨ ਨੇ ਸੱਤਾ ਦੇ ਪਹਿਲੇ ਹੀ ਦਿਨ ਕੈਨੇਡਾ ਨੂੰ ਦਿੱਤਾ ਇਹ ਜ਼ੋਰਦਾਰ ਝਟਕਾ
ਇੰਝ ਪਿਆ ਸੀ ਨਾਂ ਵ੍ਹਾਈਟ ਹਾਊਸ-
ਅਮਰੀਕੀ ਰਾਸ਼ਟਰਪਤੀ ਭਵਨ ਦਾ ਨਾਂ ਵ੍ਹਾਈਟ ਹਾਊਸ ਪੈਣ ਪਿੱਛੇ ਕਹਾਣੀ ਇਹ ਹੈ ਕਿ ਸਾਲ 1814 ਵਿਚ ਬ੍ਰਿਟਿਸ਼ ਫ਼ੌਜ ਨੇ ਵਾਸ਼ਿੰਗਟਨ ਡੀ. ਸੀ. ਵਿਚ ਬਹੁਤ ਸਾਰੀ ਥਾਂ 'ਤੇ ਅੱਗ ਲਗਾ ਦਿੱਤੀ ਸੀ, ਜਿਸ ਵਿਚ ਵ੍ਹਾਈਟ ਹਾਊਸ ਵੀ ਸੀ। ਅੱਗ ਕਾਰਨ ਰਾਸ਼ਟਰਪਤੀ ਭਵਨ ਦੀਆਂ ਕੰਧਾਂ ਬਹੁਤ ਖ਼ਰਾਬ ਦਿਖਾਈ ਦੇਣ ਲੱਗ ਗਈਆਂ ਤੇ ਫਿਰ ਇਸ ਉੱਤੇ ਸਫ਼ੈਦ ਰੰਗ ਕੀਤਾ ਗਿਆ। ਇਸ ਦੇ ਬਾਅਦ ਇਸ ਨੂੰ ਵ੍ਹਾਈਟ ਹਾਊਸ ਕਿਹਾ ਜਾਣ ਲੱਗਾ। ਫਿਰ ਸਾਲ 1901 ਵਿਚ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਨੇ ਅਧਿਕਾਰਕ ਰੂਪ ਨਾਲ ਇਸ ਦਾ ਨਾਂ ਵ੍ਹਾਈਟ ਹਾਊਸ ਰੱਖਿਆ ਸੀ।
ਜਾਰਜ ਵਾਸ਼ਿੰਗਟਨ ਤੋਂ ਪ੍ਰੇਰਿਤ ਹੈ ਓਵਲ ਦਫ਼ਤਰ-
ਅਮਰੀਕੀ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਭਾਵੇਂ ਕਿ ਵ੍ਹਾਈਟ ਹਾਊਸ ਵਿਚ ਕਦੇ ਰਹੇ ਨਹੀਂ ਪਰ ਵ੍ਹਾਈਟ ਹਾਊਸ ਵਿਚ ਓਵਲ ਦਫ਼ਤਰ ਉਨ੍ਹਾਂ ਦੇ ਕਮਰੇ ਤੋਂ ਪ੍ਰੇਰਿਤ ਸੀ। ਉਨ੍ਹਾਂ ਨੇ ਆਪਣੇ ਫਿਲਾ਼ਡੇਲਫੀਆ ਵਾਲੇ ਘਰ ਵਿਚ ਗੋਲ ਕੰਧਾਂ ਵਾਲੇ ਕਮਰੇ ਬਣਵਾਏ ਸਨ ਤਾਂ ਜੋ ਸਮਾਰੋਹਾਂ ਸਮੇਂ ਵਧੀਆ ਲੱਗੇ। ਹਾਲਾਂਕਿ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੂੰ ਇਸ ਦੇ ਨਿਰਮਾਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਪਰ ਉਹ ਇਸ ਵਿਚ ਕਦੇ ਰਹੇ ਨਹੀਂ, ਇਸ ਵਿਚ ਸਭ ਤੋਂ ਪਹਿਲਾਂ ਰਾਸ਼ਟਰਪਤੀ ਜਾਨ ਐਡਮਜ਼ ਰਹੇ ਸਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ