ਕੋਰੋਨਾ ਬਾਰੇ ਦੱਸਣ ਵਾਲੇ ਮ੍ਰਿਤਕ ਡਾ. ਦੀ ਪਤਨੀ ਨੇ ਦਿੱਤਾ ਬੱਚੇ ਨੂੰ ਜਨਮ,ਲਿਖੀ ਭਾਵੁਕ ਪੋਸਟ

Saturday, Jun 13, 2020 - 10:43 AM (IST)

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਵ੍ਹਿਸਲਬਲੋਅਰ ਰਹੇ 34 ਸਾਲਾ ਦੇ ਡਾਕਟਰ ਲੀ ਵੇਨਲਿਆਂਗ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰ ਨੇ ਪਿਛਲੇ ਸਾਲ ਚੀਨ ਦੇ ਵੂਹਾਨ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਸਾਲ ਫਰਵਰੀ ਵਿਚ ਲੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਸ ਦੀ ਪਤਨੀ ਫੂ ਸ਼ੁਜੇਈ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। 


ਸ਼ੁਜੇਈ ਨੇ ਇਨਸਟੈਂਟ ਮੈਸੇਜਿੰਗ ਐਪ ਵੀਚੈਟ 'ਤੇ ਆਪਣੇ ਪੁੱਤ ਦੀ ਤਸਵੀਰ ਨੂੰ ਸਾਂਝਾ ਕੀਤਾ। ਇਸ ਨੂੰ ਉਨ੍ਹਾਂ ਨੇ ਆਪਣੇ ਸਵਰਗਵਾਸੀ ਪਤੀ ਦਾ ਆਖਰੀ ਤੋਹਫਾ ਦੱਸਿਆ ਹੈ। ਉਸ ਨੇ ਆਪਣੇ ਪਤੀ ਲਈ ਭਾਵੁਕ ਪੋਸਟ ਲਿਖੀ- "ਕੀ ਤੁਸੀਂ ਸਵਰਗ ਤੋਂ ਇਹ ਵੇਖ ਰਹੇ ਹੋ? ਆਖਰੀ ਤੋਹਫਾ ਜੋ ਤੁਸੀਂ ਮੈਨੂੰ ਦਿੱਤਾ ਸੀ ਅੱਜ ਪੈਦਾ ਹੋਇਆ ਹੈ। ਮੈਂ ਇਸ ਨੂੰ ਪਿਆਰ ਕਰਾਂਗੀ ਅਤੇ ਉਸ ਦੀ ਦੇਖਭਾਲ ਕਰਾਂਗੀ।"ਲੀ ਵੂਹਾਨ ਦੇ ਸੈਂਟਰਲ ਹਸਪਤਾਲ ਵਿਚ ਓਪਥਲਮੋਲੋਜਿਸਟ ਦੇ ਤੌਰ 'ਤੇ ਕੰਮ ਕਰਦੇ ਸਨ। 

ਲੀ ਦੇਸ਼ ਵਿਚ ਕੋਵਿਡ-19 ਦੇ ਮਹਾਮਾਰੀ ਦਾ ਰੂਪ ਲੈਣ ਦੇ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ। 30 ਦਸੰਬਰ ਨੂੰ ਲੀ ਨੂੰ ਇਕ ਮਰੀਜ਼ ਦੀ ਜਾਂਚ ਰਿਪੋਰਟ ਮਿਲੀ ਸੀ, ਜੋ ਉਸ ਦੇ ਹਸਪਤਾਲ ਵਿਚ ਇਕ ਨਵੀਂ ਬੀਮਾਰੀ ਕਾਰਨ ਭਰਤੀ ਹੋਇਆ ਸੀ। ਇਸ ਜਾਣਕਾਰੀ ਨੂੰ ਉਨ੍ਹਾਂ ਨੇ ਆਪਣੇ 7 ਦੋਸਤਾਂ ਨਾਲ ਵੀਚੈਟ 'ਤੇ ਸਾਂਝਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਸ ਵਰਗੀ ਬੀਮਾਰੀ ਹੈ ਜੋ ਕਈ ਜਾਨਾਂ ਲੈ ਸਕਦੀ ਹੈ। ਉਸ ਨੇ ਆਪਣੇ ਦੋਸਤਾਂ ਨੂੰ ਇਸ ਬੀਮਾਰੀ ਸਬੰਧੀ ਸੁਚੇਤ ਕੀਤਾ ਸੀ ਪਰ ਲੀ 'ਤੇ ਅਫਵਾਹਾਂ ਫੈਲਾਉਣ ਨੂੰ ਲੈ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਹਿਰਾਸਤ ਵਿਚ ਲਿਆ ਗਿਆ। 

ਇਸ ਮਗਰੋਂ ਲੀ ਕੋਲੋਂ ਜ਼ਬਰਦਸਤੀ ਅਪਰਾਧ ਸਵਿਕਾਰ ਦੇ ਕਾਗਜ਼ਾਂ 'ਤੇ ਹਸਤਾਖਰ ਕਰਵਾਏ ਗਏ ਸਨ। ਰਿਹਾਈ ਤੋਂ ਬਾਅਦ ਆਪਣੇ ਹਸਪਤਾਲ ਵਿਚ ਉਹ ਕੰਮ 'ਤੇ ਦੋਬਾਰਾ ਵਾਪਸ ਆਏ ਪਰ ਇੱਥੇ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਦੀ ਲਪੇਟ ਵਿਚ ਆ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਜੇਕਰ ਉਸ ਸਮੇਂ ਲੀ ਦੀ ਗੱਲ ਨੂੰ ਮੰਨ ਲਿਆ ਜਾਂਦਾ ਤਾਂ ਸ਼ਾਇਦ ਦੁਨੀਆ ਵਿਚ ਕੋਰੋਨਾ ਕਾਰਨ ਇੰਨੀਆਂ ਮੌਤਾਂ ਨਾ ਹੁੰਦੀਆਂ।
 


Lalita Mam

Content Editor

Related News