ਕੱਪੜਾ ਨਾ ਮਿਲਿਆ ਤਾਂ ਯਾਤਰੀ ਨੇ ਜਿਉਂਦੇ ਅਜਗਰ ਨੂੰ ਬਣਾਇਆ ਫੇਸ ਮਾਸਕ, ਲੋਕ ਹੋਏ ਹੈਰਾਨ
Wednesday, Sep 23, 2020 - 12:07 AM (IST)
ਲੰਡਨ - ਪੂਰੀ ਦੁਨੀਆ ਇਸ ਵੇਲੇ ਕੋਰੋਨਾਵਾਇਰਸ ਨਾਲ ਨਜਿੱਠ ਰਹੀ ਹੈ। ਇਸ ਤੋਂ ਬਚਣ ਲਈ ਕਈ ਦੇਸ਼ਾਂ ਵਿਚ ਜਨਤਕ ਥਾਂਵਾਂ 'ਤੇ ਮਾਸਕ ਪਾਉਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਬ੍ਰਿਟੇਨ ਵੀ ਇਨਾਂ ਵਿਚੋਂ ਇਕ ਹੈ, ਜਿਥੇ ਘਰ ਤੋਂ ਬਾਹਰ ਨਿਕਲਣ 'ਤੇ ਫੇਸ ਮਾਸਕ ਨੂੰ ਪਾਉਣਾ ਜ਼ਰੂਰੀ ਹੈ। ਪੂਰੇ ਬ੍ਰਿਟੇਨ ਵਿਚ ਲੋਕ ਤਰ੍ਹਾਂ-ਤਰ੍ਹਾਂ ਦੇ ਫਨੀ ਮਾਸਕ ਵੀ ਪਾਏ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚਾਲੇ ਮੈਨਚੇਸਟਰ ਵਿਚ ਇਕ ਸ਼ਖਸ ਜਿਉਂਦੇ ਅਜਗਰ ਨੂੰ ਮਾਸਕ ਦੀ ਤਰ੍ਹਾਂ ਪਾਏ ਹੋਏ ਦਿਖਾਈ ਦਿੱਤਾ।
ਜਿਉਂਦੇ ਅਜਗਰ ਨੂੰ ਮਾਸਕ ਦੀ ਤਰ੍ਹਾਂ ਪਾਈ ਦਿਖਿਆ ਸ਼ਖਸ
ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ, ਇਹ ਆਦਮੀ ਸਵਿੰਟਨ ਅਤੇ ਮੈਨਚੇਸਟਰ ਸਿਟੀ ਸੈਂਟਰ ਵਿਚਾਲੇ ਚੱਲਣ ਵਾਲੀ ਇਕ ਬਸ ਵਿਚ ਯਾਤਰਾ ਕਰ ਰਿਹਾ ਸੀ। ਕੱਪੜੇ ਦਾ ਮਾਸਕ ਨਾ ਹੋਣ ਕਾਰਨ ਉਸ ਯਾਤਰੀ ਨੇ ਆਪਣੇ ਨਾਲ ਰੱਖੇ ਜਿਉਂਦੇ ਅਜ਼ਗਰ ਨੂੰ ਧੌਂਣ ਤੇ ਨੱਕ ਦੇ ਚਾਰੋਂ ਪਾਸੇ ਲਪੇਟ ਲਿਆ। ਉਸ ਵੇਲੇ ਬਸ ਵਿਚ ਕੁਝ ਹੀ ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਲੱਗਾ ਕਿ ਇਸ ਯਾਤਰੀ ਨੇ ਕੋਈ ਫੰਕੀ ਮਾਸਕ ਪਾਇਆ ਹੋਇਆ ਹੈ।
ਜਦ ਅਜਗਰ ਦੇ ਜਿਉਂਦੇ ਹੋਣ ਦਾ ਲੱਗਾ ਪਤਾ
ਥੋੜੀ ਦੇਰ ਬਾਅਦ ਜਦ ਅਜਗਰ ਹਿੱਲਣ ਲੱਗਾ ਉਦੋਂ ਯਾਤਰੀਆਂ ਨੂੰ ਯਕੀਨ ਹੋਇਆ ਕਿ ਉਸ ਨੇ ਜਿਉਂਦੇ ਸੱਪ ਨੂੰ ਆਪਣੇ ਚਾਰੋਂ ਪਾਸੇ ਲਪੇਟਿਆ ਹੈ। ਇਸ ਦੌਰਾਨ ਸੱਪ ਨੇ ਕਿਸੇ ਹੋਰ ਯਾਤਰੀ ਨੂੰ ਪਰੇਸ਼ਾਨ ਨਹੀਂ ਕੀਤਾ। ਬ੍ਰਿਟੇਨ ਵਿਚ ਪਰਿਵਹਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਫਰ ਦੌਰਾਨ ਮੂੰਹ ਢੱਕਣ ਲਈ ਜਿਉਂਦੇ ਸੱਪ ਦਾ ਇਸਤੇਮਾਲ ਨਾ ਕਰਨ। ਹਾਲਾਂਕਿ, ਉਸ ਬਸ ਵਿਚ ਸਫਰ ਕਰ ਰਹੇ ਹੋਰ ਯਾਤਰੀਆਂ ਨੇ ਇਸ ਨੂੰ ਮਜ਼ੇਦਾਰ ਦੱਸਿਆ।
ਜਨਤਕ ਪਰਿਵਹਨ ਵਿਚ ਸਾਰਿਆਂ ਨੂੰ ਮਾਸਕ ਪਾਉਣਾ ਲਾਜ਼ਮੀ
ਕੋਰੋਨਾਵਾਇਰਸ ਕਾਰਨ ਬ੍ਰਿਟੇਨ ਵਿਚ ਜਨਤਕ ਪਰਿਵਹਨ ਵਿਚ ਯਾਤਰਾ ਕਰਨ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੈ। ਇਸ ਨਾਲ ਉਨਾਂ ਲੋਕਾਂ ਨੂੰ ਛੋਟ ਦਿੱਤੀ ਗਈ ਹੈ ਜੋ ਉਮਰ, ਸਿਹਤ ਅਤੇ ਹੋਰ ਸਮੱਸਿਆਵਾਂ ਨਾਲ ਨਜਿੱਠ ਰਹੇ ਹਨ। ਗ੍ਰੇਟਰ ਮੈਨਚੇਸਟਰ ਪਰਿਵਹਨ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਜਨਤਕ ਪਰਿਵਹਨ ਵਿਚ ਮੂੰਹ ਨੂੰ ਢੱਕਣ ਲਈ ਸਰਕਾਰੀ ਮਾਰਗ-ਦਰਸ਼ਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਬ੍ਰਿਟੇਨ ਵਿਚ ਵਧ ਸਕਦੇ ਹਨ ਕੋਰੋਨਾ ਦੇ ਮਾਮਲੇ
ਬ੍ਰਿਟੇਨ ਦੇ ਸੀਨੀਅਰ ਮੈਡੀਕਲ ਸਲਾਹਕਾਰ ਨੇ ਕਿਹਾ ਹੈ ਕਿ ਕੋਵਿਡ-19 ਦੇ ਮਾਮਲਿਆਂ ਦੇ ਲਿਹਾਜ਼ ਨਾਲ ਦੇਸ਼ ਬਹੁਤ ਖਰਾਬ ਮੁਕਾਮ 'ਤੇ ਪਹੁੰਚ ਚੁੱਕਿਆ ਹੈ ਅਤੇ ਅਜਿਹੇ ਸੰਕੇਤ ਹਨ ਕਿ ਸਮੇਂ ਰਹਿੰਦੇ ਕਦਮ ਨਾ ਚੁੱਕੇ ਗਏ ਤਾਂ ਬੀਮਾਰੀ ਹੋਰ ਭਿਆਨਕ ਰੂਪ ਲੈ ਸਕਦੀ ਹੈ। ਮੁੱਖ ਮੈਡੀਕਲ ਅਧਿਕਾਰੀ ਕ੍ਰਿਸ ਵਿੱਟੀ ਸਰਕਾਰ ਦੇ ਮੁੱਖ ਸਾਇੰਸਦਾਨ ਸਲਾਹਕਾਰ ਪੈਟ੍ਰਿਕ ਵੈਲੇਂਸ ਦੇ ਨਾਲ ਇਸ ਬਾਰੇ ਵਿਚ ਪੱਖ ਰੱਖਣ ਲਈ ਡਾਓਨਿੰਗ ਸਟ੍ਰੀਟ ਬ੍ਰੀਫਿੰਗ ਵਿਚ ਹਾਜ਼ਰ ਹੋਏ। ਇਸ ਦੌਰਾਨ ਉਨ੍ਹਾਂ ਨੇ ਆਗਾਹ ਕੀਤਾ ਕਿ ਜੇਕਰ ਅੱਗੇ ਪਾਬੰਦੀਆਂ ਨਹੀਂ ਲਾਈਆਂ ਜਾਂਦੀਆਂ ਹਨ ਤਾਂ ਦੇਸ਼ ਵਿਚ ਅਕਤੂਬਰ ਦੇ ਮੱਧ ਤੱਕ ਹਰ ਰੋਜ਼ ਕੋਰੋਨਾਵਾਇਰਸ ਦੇ 50 ਹਜ਼ਾਰ ਮਾਮਲੇ ਸਾਹਮਣੇ ਆ ਸਕਦੇ ਹਨ।