ਜਾਣੋਂ ਕੀ ਹੈ ਕੋਰੋਨਾ ਵਾਇਰਸ? ਇਸ ਦੇ ਲੱਛਣ ਤੇ ਬਚਾਅ ਦੇ ਤਰੀਕੇ

01/23/2020 8:20:43 PM

ਬੀਜਿੰਗ- ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨੂੰ ਲੈ ਕੇ ਐਡਵਾਇਜ਼ਰੀ ਤੱਕ ਜਾਰੀ ਕਰ ਦਿੱਤੀ ਹੈ। ਚੀਨ ਦੇ ਵੂਹਾਨ ਵਿਚ ਸਭ ਤੋਂ ਪਹਿਲਾਂ ਸੀਵਿਅਰ ਐਕਿਊਟ ਰੇਸਪਿਰੇਟਰੀ ਸਿੰਡ੍ਰਾਮ (ਸਾਰਸ) ਜਿਹੇ ਰਹੱਸਮਈ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਵਾਇਰਸ ਦਾ ਅਜੇ ਕੋਈ ਵੀ ਇਲਾਜ ਨਹੀਂ ਮਿਲ ਸਕਿਆ ਹੈ। ਸਾਹ ਸਬੰਧੀ ਦੂਜੀਆਂ ਬੀਮਾਰੀਆਂ ਵਾਂਗ ਬੁਖਾਰ, ਖੰਗ ਤੇ ਸਾਹ ਲੈਣ ਵਿਚ ਦਿੱਕਤ ਇਸ ਵਾਇਰਸ ਦੇ ਲੱਛਣ ਹਨ। ਇਹ ਨਿਮੋਨੀਆ ਦਾ ਕਾਰਨ ਵੀ ਬਣ ਸਕਦਾ ਹੈ।

ਕੋਰੋਨਾ ਵਾਇਰਸ ਦੇ ਲੱਛਣ
ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਉਸ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਉਪਾਅ ਵਰਤਣ ਦੀ ਹਿਦਾਇਤ ਦਿੱਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਾਅ ਦੱਸੇ ਗਏ ਹਨ।

ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ
1. ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ।
2. ਖੰਗਦੇ ਜਾਂ ਛਿੱਕਦੇ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ।
3. ਜਿਹਨਾਂ ਵਿਚ ਸਰਦੀ ਜਾਂ ਫਲੂ ਜਿਹੇ ਲੱਛਣ ਪਹਿਲਾਂ ਤੋਂ ਹੋਣ ਉਹਨਾਂ ਨਾਲ ਕਰੀਬੀ ਸੰਪਰਕ ਤੋਂ ਬਚੋ।
4. ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।
5. ਜੰਗਲ ਤੇ ਖੇਤਾਂ ਵਿਚ ਰਹਿਣ ਵਾਲੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ।

ਚੀਨ ਤੋਂ ਲੈ ਕੇ ਅਮਰੀਕਾ ਤੱਕ ਵਾਇਰਸ ਦਾ ਕਹਿਰ, ਹੁਣ ਤੱਕ 17 ਲੋਕਾਂ ਦੀ ਹੋਈ ਮੌਤ
ਇਹ ਵਾਇਰਸ ਚੀਨ ਦੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ ਤੇ ਹੁਣ ਅਮਰੀਕਾ ਤੱਕ ਪਹੁੰਚ ਗਿਆ ਹੈ। ਚੀਨ ਵਿਚ ਇਸ ਵਾਇਰਸ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 600 ਦੇ ਕਰੀਬ ਲੋਕ ਇਸ ਦੀ ਲਪੇਟ ਵਿਚ ਦੱਸੇ ਜਾ ਰਹੇ ਹਨ। ਇੰਨਾਂ ਹੀ ਨਹੀਂ ਇੰਪੀਰੀਅਲ ਕਾਲੇਜ ਆਫ ਲੰਡਨ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਕੱਲੇ ਵੂਹਾਨ ਵਿਚ ਵਾਇਰਸ ਦੇ ਤਕਰੀਬਨ 4 ਹਜ਼ਾਰ ਮਾਮਲੇ ਹੋਣ ਦਾ ਅਨੁਮਾਨ ਹੈ।

ਸੱਪ ਕਾਰਨ ਇਨਸਾਨਾਂ ਵਿਚ ਵਾਇਰਸ ਪਹੁੰਚਣ ਦਾ ਸ਼ੱਕ
ਪੱਤਰਕਾਰ ਏਜੰਸੀ ਪੀਟੀਆਈ ਮੁਤਾਬਕ ਚੀਨ ਦੇ ਪੇਕਿੰਗ ਯੂਨੀਵਰਸਿਟੀ ਹੈਲਥ ਸਾਈਂਸ ਸੈਂਟਰ ਦੇ ਖੋਜਕਾਰਾਂ ਮੁਤਾਬਕ ਨਵੀਂ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਸੱਪ ਰਾਹੀਂ ਇਨਸਾਨਾਂ ਵਿਚ ਪਹੁੰਚਣ ਦਾ ਸ਼ੱਕ ਹੈ। ਜਦਕਿ ਚੀਨੀ ਅਕਾਦਮੀ ਆਫ ਸਾਈਂਸਸ ਵਲੋਂ ਕਰਵਾਏ ਗਏ ਇਕ ਦੂਜੇ ਅਧਿਐਨ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਚਮਗਿੱਦੜ ਜਾਂ ਸੱਪ ਨਾਲ ਪੈਦਾ ਹੋ ਸਕਦਾ ਹੈ।


Related News