ਖਾਲਿਸਤਾਨ ਦੇ ਨਾਂ ’ਤੇ ਸਿਆਸੀ ਸ਼ਰਨ ਲੈ ਕੇ ਭਾਰਤ ਤੋਂ ਆਉਣ ਵਾਲਿਆਂ ’ਤੇ ਪੱਛਮੀ ਦੇਸ਼ਾਂ ਦੀ ਤਿੱਖੀ ਨਜ਼ਰ
Wednesday, Oct 15, 2025 - 09:29 AM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਭਾਰਤ ’ਚ ਜਾਨ ਦਾ ਖਤਰਾ ਦੱਸ ਕੇ ਪੱਛਮੀ ਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਹਜ਼ਾਰਾਂ ਲੋਕਾਂ ਲਈ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਤੋਂ ਸ਼ੁਰੂ ਹੋਈ ਕਾਰਵਾਈ ਹੁਣ ਕੈਨੇਡਾ, ਇੰਗਲੈਂਡ ਅਤੇ ਯੂਰਪੀ ਯੂਨੀਅਨ ਦੇ ਕੁਝ ਦੇਸ਼ਾਂ ਤੱਕ ਪਹੁੰਚ ਰਹੀ ਹੈ। ਹੁਣ ਇਨ੍ਹਾਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਵਿਅਕਤੀਆਂ ’ਤੇ ਤੇਜ਼ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਭਾਰਤ ਵਿਚ ਜਾਨ ਦਾ ਖ਼ਤਰਾ ਦੱਸ ਕੇ ਉੱਥੇ ਸ਼ਰਨ ਲਈ ਪਰ ਬਾਅਦ ਵਿਚ ਵਾਪਸੀ ਕਰ ਕੇ ਜਾਇਦਾਦ ਸਬੰਧੀ ਕਾਰਜਾਂ ਜਾਂ ਵਿਆਹ ਸਮਾਗਮਾਂ ’ਚ ਹਿੱਸਾ ਲਿਆ।
ਭਾਵੇਂ ਕਿ ਭਾਰਤ ਵੀ ਪੱਛਮੀ ਦੇਸ਼ਾਂ ਵਿਚ ਝੂਠ ਬੋਲ ਕੇ ਸਿਆਸੀ ਸ਼ਰਨ ਮੰਗਣ ਵਾਲਿਆਂ ਨੂੰ ਕਰੜੇ ਹੱਥੀਂ ਲੈ ਰਿਹਾ ਹੈ ਪਰ ਪੱਛਮੀ ਮੁਲਕਾਂ ਵਿਚ ਸਿਆਸੀ ਸ਼ਰਨ ਉਪਰੰਤ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕ ਆਮ ਤੌਰ ’ਤੇ ਭਾਰਤ ’ਚ ਆਉਂਦੇ-ਜਾਂਦੇ ਹਨ, ਜਿਸ ਕਾਰਨ ਅਮਰੀਕਾ ਨੇ ਖਾਸ ਤੌਰ ’ਤੇ ਅਜਿਹੇ ਲੋਕਾਂ ’ਤੇ ਸਖਤੀ ਸ਼ੁਰੂ ਕਰ ਦਿੱਤੀ ਹੈ।
ਅਧਿਕਾਰਕ ਸਰੋਤਾਂ ਅਨੁਸਾਰ ਇਹ ਨੀਤੀਆਂ ਇਸ ਗੱਲ ਦੀ ਸਮੀਖਿਆ ਕਰਨ ਲਈ ਹਨ ਕਿ ਕੌਣ ਸੱਚੇ ਰਾਜਨੀਤਕ ਸ਼ਰਨਾਰਥੀ ਹਨ ਅਤੇ ਕੌਣ ਸਿਸਟਮ ਦਾ ਗਲਤ ਫ਼ਾਇਦਾ ਉਠਾ ਰਹੇ ਹਨ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਪਹਿਲਾਂ ਹੀ ਕੁਝ ਕੇਸਾਂ ਵਿਚ ਨਾਗਰਿਕਤਾ ਹਾਸਲ ਕਰਨ ਹਾਸਲ ਹੋਈਆਂ ਅਰਜ਼ੀਆਂ ’ਤੇ ਰੋਕ ਲਾ ਦਿੱਤੀ ਹੈ। ਅਜਿਹੇ ਲੋਕਾਂ ’ਚ ਜ਼ਿਆਦਾਤਰ ਪੰਜਾਬ, ਹਰਿਆਣਾ ਤੇ ਜੰਮੂ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਖਾਲਿਸਤਾਨ ਤੇ ਕਸ਼ਮੀਰ ਵਾਦੀ ’ਚ ਹਿੰਸਾ ਦਾ ਜ਼ਿਕਰ ਕਰ ਕੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸਿਆਸੀ ਸ਼ਰਨ ਹਾਸਲ ਕੀਤੀ ਤੇ ਨਾਗਰਿਕਤਾ ਲੈ ਕੇ ਅਰਾਮ ਨਾਲ ਭਾਰਤ ਆ-ਜਾ ਰਹੇ ਹਨ। ਯੂਰਪ ਦੇਸ਼ਾਂ ਜਰਮਨੀ, ਹਾਲੈਂਡ ਅਤੇ ਫ਼ਰਾਂਸ ਨੇ ਵੀ ਅਜਿਹੇ ਲੋਕਾਂ ਦੀ ਸਮੀਖਿਆ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।