ਸਾਊਥਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੋਣਾਂ: ਸ਼ੇਰ ਗਰੁੱਪ ਦੀ ਹੂੰਝਾ ਫੇਰ ਜਿੱਤ, ਸਾਰੀਆਂ 21 ਸੀਟਾਂ ‘ਤੇ ਕੀਤਾ ਕਬਜ਼ਾ
Monday, Oct 06, 2025 - 10:39 PM (IST)

ਸਾਊਥਾਲ (ਸਰਬਜੀਤ ਸਿੰਘ ਬਨੂੜ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਿਨਿਊ ਅਤੇ ਗੁਰੂ ਨਾਨਕ ਰੋਡ) ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਨ੍ਹਾਂ ਵਿੱਚ ਸ਼ੇਰ ਗਰੁੱਪ ਨੇ ਇਕ ਵਾਰ ਫਿਰ ਭਾਰੀ ਜਿੱਤ ਦਰਜ ਕਰਦਿਆਂ ਸਾਰੀਆਂ 21 ਸੀਟਾਂ ‘ਤੇ ਕਬਜ਼ਾ ਕੀਤਾ।
ਇਹ ਗੁਰਦੁਆਰਾ ਯੂਕੇ ਦਾ ਅਤੇ ਯੂਰਪ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਸਿੱਖ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ, ਇਸ ਲਈ ਇਹ ਚੋਣ ਯੂਕੇ ਦੀ ਸਿੱਖ ਕਮਿਊਨਿਟੀ ਦੀ ਰਾਜਨੀਤੀ ਵਿੱਚ ਖਾਸ ਮਹੱਤਵ ਰੱਖਦੀ ਹੈ। ਇਨ੍ਹਾਂ ਚੌਣਾਂ ਵਿੱਚ ਭਾਰਤੀ ਸਫ਼ਾਰਤਖ਼ਾਨਾ ਵੀ ਅਸਿੱਧੇ ਢੰਗ ਨਾਲ ਗੁਰਦੁਆਰਾ ਚੋਣਾਂ ਵਿੱਚ ਦਿਲਚਸਪੀ ਰੱਖਦਾ ਹੈ।
ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਦੁਆਰਾ ਜਾਰੀ ਅਧਿਕਾਰਕ ਨਤੀਜਿਆਂ ਮੁਤਾਬਕ, ਸ਼ੇਰ ਗਰੁੱਪ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤੇ। ਨਤੀਜਿਆਂ ਦੌਰਾਨ ਸ਼ੇਰ ਗਰੁੱਪ ਦੇ ਸ. ਗੁਰਮੇਲ ਸਿੰਘ ਮੱਲ੍ਹੀ ਨੂੰ 2763 ਵੋਟਾਂ ਅਤੇ ਪੰਥਕ ਗਰੁੱਪ ਦੇ ਆਗੂ ਹਿੰਮਤ ਸਿੰਘ ਸੋਹੀ ਨੂੰ 2263 ਵੋਟਾਂ ਮਿਲੀਆਂ। ਇਸ ਦੌਰਾਨ ਸ਼ੇਰ ਗਰੁੱਪ ਦੇ ਨੌਜਵਾਨ ਮੈਂਬਰ ਇਸਮੀਤ ਸਿੰਘ ਫੁੱਲ ਨੂੰ ਸਭ ਤੋ ਵੱਧ 2777 ਵੋਟਾਂ ਪ੍ਰਾਪਤ ਕੀਤੀਆਂ ਅਤੇ ਪੰਥਕ ਗਰੁੱਪ ਵਿੱਚ ਸ. ਨਵਰਾਜ ਸਿੰਘ ਚੀਮਾ ਗਰੁੱਪ ਵਿੱਚ ਸਭ ਤੋ ਵੱਧ ਵੋਟਾਂ 2282 ਪ੍ਰਾਪਤ ਕਰ ਸਕੇ।
ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ, ਅਤੇ ਕਿਸੇ ਵੀ ਵਿਵਾਦ ਜਾਂ ਅੜਚਨ ਦੀ ਰਿਪੋਰਟ ਨਹੀਂ ਆਈ। ਸਾਊਥਾਲ ਦੀ ਸਿੱਖ ਸੰਗਤ ਨੇ ਇਸ ਵਾਰ ਵੀ ਵੱਡੇ ਜੋਸ਼ ਨਾਲ ਹਿੱਸਾ ਲਿਆ। ਚੋਣਾਂ ਦੌਰਾਨ ਸੰਗਤ ਦੀ ਲੰਬੀ ਕਤਾਰਾਂ ਅਤੇ ਉਤਸ਼ਾਹ ਇਸ ਗੱਲ ਦਾ ਸਬੂਤ ਸਨ ਕਿ ਗੁਰਦੁਆਰਾ ਪ੍ਰਬੰਧ ਵਿਚ ਲੋਕਾਂ ਦੀ ਦਿਲਚਸਪੀ ਕਿੰਨੀ ਗਹਿਰੀ ਹੈ।
ਇਸ ਮੌਕੇ ਸ਼ੇਰ ਗਰੁੱਪ ਦੇ ਆਗੂ ਸ ਗੁਰਮੇਲ ਸਿੰਘ ਮੱਲੀ ਤੇ ਸ਼ੇਰ ਗਰੁੱਪ ਦੇ ਚੇਅਰਮੈਨ ਸ ਦੀਦਾਰ ਸਿੰਘ ਰੰਧਾਵਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਨਾਲ ਕੀਤੇ ਵਾਅਦਿਆਂ ਨੂੰ ਜਲਦੀ ਪੂਰਾ ਕਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਹੋਰ ਉਪਰਾਲੇ ਕੀਤੇ ਜਾਣਗੇ। ਜਿਕਰਯੋਗ ਹੈ ਕਿ ਸ. ਗੁਰਮੇਲ ਸਿੰਘ ਮੱਲੀ ਪੰਜਾਬ ਵਿੱਚ ਜੀ.ਐਚ.ਜੀ. ਅਕੈਡਮੀ ਦੇ ਚੈਅਰਮੈਨ ਹਨ ਤੇ ਮੱਲੀ ਭਰਾਵਾਂ ਵੱਲੋਂ ਇਸ ਸੰਸਥਾ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।