ਪਾਕਿਸਤਾਨ ''ਚ ਜਨਤਕ ਥਾਵਾਂ ''ਤੇ ਮਾਸਕ ਪਾਉਣਾ ਹੋਇਆ ਲਾਜ਼ਮੀ

05/31/2020 1:20:43 PM

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਭੀੜ ਵਾਲੀਆਂ ਥਾਵਾਂ, ਬਾਜ਼ਾਰਾਂ ਅਤੇ ਜਨਤਕ ਆਵਾਜਾਈ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ ਕਿਉਂਕਿ ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 68,544 ਹੋ ਗਈ ਹੈ, ਜਿਨ੍ਹਾਂ ਵਿਚੋਂ 1,447 ਮੌਤਾਂ ਹੋਈਆਂ ਹਨ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਜ਼ਫਰ ਮਿਰਜ਼ਾ ਨੇ ਕਿਹਾ ਕਿ ਇੱਥੇ 92 ਫੀਸਦੀ ਮਾਮਲੇ ਲੋਕਲ ਟਰਾਂਸਮਿਸ਼ਨ ਰਾਹੀਂ ਆਏ ਹਨ, ਇਸ ਲਈ ਅਸੀਂ ਬਾਜ਼ਾਰਾਂ, ਸ਼ਾਪਿੰਗ ਮਾਲਾਂ, ਜਨਤਕ ਆਵਾਜਾਈ, ਵਪਾਰਕ ਉਡਾਣਾਂ, ਰੇਲ ਗੱਡੀਆਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ।


ਇਕ ਹੋਰ ਅਧਿਕਾਰੀ ਮੁਤਾਬਕ ਕੋਰੋਨਾ ਵਾਇਰਸ ਕਾਰਨ ਵਿਦੇਸ਼ ਵਿਚ ਫਸੇ ਪਾਕਿਸਤਾਨੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਰਿਹਾ ਹੈ, ਹੁਣ ਤੱਕ ਇਕ ਦਿਨ ਵਿਚ 1000 ਪਾਕਿਸਤਾਨੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਸੀ ਤੇ ਅੱਗੇ ਤੋਂ 2000 ਨੂੰ ਲਿਆਉਣ ਦਾ ਫੈਸਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਜੂਨ ਤੋਂ 10 ਜੂਨ ਤੱਕ 20 ਹਜ਼ਾਰ ਪਾਕਿਸਤਾਨੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਇਨ੍ਹਾਂ ਵਿਚੋਂ 8 ਹਜ਼ਾਰ ਯੂ. ਏ. ਈ. ਅਤੇ 4 ਹਜ਼ਾਰ ਸਾਊਦੀ ਅਰਬ ਤੋਂ ਵਾਪਸ ਲਿਆਂਦੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 50 ਦੇਸ਼ਾਂ ਵਿਚ ਫਸੇ 33,000 ਪਾਕਿਸਤਾਨੀਆਂ ਨੂੰ ਵਾਪਸ ਲਿਆਂਦਾ ਗਿਆ ਹੈ। 


Lalita Mam

Content Editor

Related News