ਹਾਈਵੇਅ 'ਤੇ ਗੂੰਜੀਆਂ ਕਿਲਕਾਰੀਆਂ, ਟ੍ਰੈਫਿਕ ਜਾਮ ਦੌਰਾਨ ਹੋਇਆ ਬੱਚੀ ਦਾ ਜਨਮ
Tuesday, Jan 09, 2018 - 12:31 PM (IST)

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਸੜਕ 'ਤੇ ਟ੍ਰੈਫਿਕ ਜਾਮ ਦੌਰਾਨ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਪਰਿਵਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਕ ਬੱਚੀ ਦੇ ਮਾਂ-ਬਾਪ ਹਨ ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਸਪਤਾਲ ਜਾਂ ਘਰ 'ਚ ਨਹੀਂ ਸਗੋਂ ਸੜਕ 'ਤੇ ਹੋਵੇਗਾ। ਉਹ ਘਰੋਂ 5.30 ਵਜੇ ਚੱਲੇ ਸਨ ਅਤੇ ਐਲਗਿਨ ਮਿਲਜ਼ ਰੋਡ ਦੇ ਹਾਈਵੇਅ 404 'ਤੇ ਸਵੇਰੇ 7.49 ਵਜੇ ਉਨ੍ਹਾਂ ਦੀ ਬੱਚੀ ਨੇ ਜਨਮ ਲਿਆ। ਬੱਚੀ ਦੇ ਪਿਤਾ ਜੋਅ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਬੱਚੇ ਦੇ ਦੁਨੀਆ 'ਤੇ ਆਉਣ 'ਚ ਅਜੇ ਬਹੁਤ ਸਮਾਂ ਬਾਕੀ ਹੈ ਅਤੇ ਇਸੇ ਲਈ ਉਨ੍ਹਾਂ ਨੇ ਸਵੇਰੇ ਉੱਠ ਕੇ ਹਸਪਤਾਲ ਜਾਣ ਲਈ ਆਰਾਮ ਨਾਲ ਤਿਆਰੀ ਕੀਤੀ।
ਅਜੇ ਉਹ ਆਪਣੀ ਗੱਡੀ ਰਾਹੀਂ ਰਸਤੇ 'ਚ ਹੀ ਸਨ ਕਿ ਟ੍ਰੈਫਿਕ ਜਾਮ ਹੋ ਗਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਉਹ ਸਮੇਂ ਸਿਰ ਹਸਪਤਾਲ ਨਹੀਂ ਪੁੱਜ ਸਕਣਗੇ । ਇਸ ਲਈ ਉਨ੍ਹਾਂ ਨੇ 911 'ਤੇ ਫੋਨ ਕੀਤਾ। ਐਮਰਜੈਂਸੀ ਵਿਭਾਗ ਵਾਲਿਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੱਥੇ ਕੁ ਪੁੱਜੇ ਹਨ। ਜਿਸ ਥਾਂ 'ਤੇ ਉਹ ਖੜ੍ਹੇ ਸਨ ਉੱਥੇ ਹਸਪਤਾਲ ਨੇ ਐਮਰਜੈਂਸੀ ਗੱਡੀ ਭੇਜ ਦਿੱਤੀ ਪਰ ਇਸ ਤੋਂ ਪਹਿਲਾਂ ਕਿ ਗੱਡੀ ਪੁੱਜਦੀ ਜੋਅ ਦੀ ਪਤਨੀ ਨੂੰ ਜਣੇਪੇ ਦੀ ਦਰਦ ਹੋਣ ਲੱਗੀ । ਉਸ ਨੂੰ ਲੱਗਦਾ ਸੀ ਕਿ ਬੱਚੇ ਦਾ ਜਨਮ ਹੋਣ 'ਚ ਅਜੇ ਸਮਾਂ ਹੈ । ਜੋਅ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਾਈਵੇਅ 'ਤੇ ਹੀ ਹੋ ਗਿਆ ਤੇ ਉਸ ਨੂੰ ਖੁਸ਼ੀ ਹੈ ਕਿ ਉਸ ਨੇ ਹੀ ਡਲਿਵਰੀ ਕਰਵਾਈ। ਇਸ ਦੇ ਕੁੱਝ ਮਿੰਟਾਂ ਮਗਰੋਂ ਹੀ ਐਮਰਜੈਂਸੀ ਗੱਡੀ ਉੱਥੇ ਪੁੱਜ ਗਈ। ਬੱਚੀ ਅਤੇ ਉਸ ਦੀ ਮਾਂ ਦੀ ਹਾਲਤ ਠੀਕ ਹੈ ਅਤੇ ਪਰਿਵਾਰ ਬਹੁਤ ਖੁਸ਼ ਹੈ। ਉਨ੍ਹਾਂ ਨੇ ਬੱਚੀ ਦਾ ਨਾਂ ਮਾਰਟਿਨਾ ਰੱਖਿਆ ਹੈ। ਜੋਅ ਨੇ ਹੱਸਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਬੱਚੀ ਦਾ ਨਾਂ ਉਸ ਹਾਈਵੇਅ ਦੇ ਨਾਂ 'ਤੇ ਰੱਖਣ ਜਿੱਥੇ ਉਸ ਦਾ ਜਨਮ ਹੋਇਆ।