ਅਲਬਰਟਾ ਦੀ ਮੁੱਖ ਸਿਹਤ ਅਧਿਕਾਰੀ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ''ਤੇ ਪ੍ਰਗਟਾਈ ਚਿੰਤਾ

11/24/2020 11:52:40 AM

ਅਡਮਿੰਟਨ- ਕੈਨੇਡਾ ਦੇ ਸੂਬੇ ਅਲਬਰਟਾ ਦੀ ਮੁੱਖ ਸਿਹਤ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਦੇ 1,549 ਨਵੇਂ ਮਾਮਲੇ ਦਰਜ ਹੋਏ ਹਨ। ਬੀਤੇ ਦਿਨ 5 ਹੋਰ ਮੌਤਾਂ ਹੋਣ ਕਾਰਨ ਸੂਬੇ ਵਿਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 476 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਉਹ ਬਹੁਤ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ। 

ਉਨ੍ਹਾਂ ਕਿਹਾ ਕਿ ਵਾਇਰਸ ਇੰਨੀ ਕੁ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਜੇਕਰ ਹਰ ਕੋਈ ਸਖ਼ਤਾਈ ਨਾਲ ਸਾਵਧਾਨੀਆਂ ਵਰਤੇਗਾ ਤਾਂ ਹੀ ਇਸ ਨੂੰ ਨੱਥ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੋਮਵਾਰ ਨੂੰ ਅਸੀਂ 860 ਨਵੇਂ ਮਾਮਲੇ ਦਰਜ ਕੀਤੇ ਸਨ ਪਰ ਹੁਣ ਫਿਰ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦਾ ਸਪੱਸ਼ਟ ਕਾਰਨ ਲੋਕਾਂ ਵਲੋਂ ਪਾਬੰਦੀਆਂ ਦੀ ਪਾਲਣਾ ਨਾ ਕਰਨਾ ਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਸਮੇਂ ਹਸਪਤਾਲਾਂ ਵਿਚ 328 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ 62 ਲੋਕਾਂ ਦੀ ਸਥਿਤੀ ਖ਼ਰਾਬ ਦੱਸੀ ਜਾ ਰਹੀ ਹੈ ਤੇ ਉਹ ਆਈ. ਸੀ. ਯੂ. ਵਿਚ ਦਾਖ਼ਲ ਹਨ। ਸੂਬੇ ਵਿਚ ਕੋਰੋਨਾ ਮਾਮਲਿਆਂ ਦਾ ਪਾਜ਼ੀਟਿਵ ਰੇਟ 8 ਫ਼ੀਸਦੀ ਹੋ ਗਿਆ ਹੈ। 

ਉਨ੍ਹਾਂ ਕਿਹਾ ਕਿ ਕੋਰੋਨਾ ਇਸ ਤਰ੍ਹਾਂ ਤੇਜ਼ੀ ਨਾਲ ਵੱਧ ਰਿਹਾ ਹੈ, ਜਿਵੇਂ ਕੋਈ ਬਰਫ ਦੀ ਵੱਡੀ ਗੇਂਦ ਪਹਾੜੀ ਤੋਂ ਹੇਠਾਂ ਫਿਸਲਦੀ ਆ ਰਹੀ ਹੈ। ਇਸ ਨੂੰ ਰੋਕਣ ਲਈ ਤੇਜ਼ੀ ਨਾਲ ਕੁਝ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਸਥਿਤੀ ਬੇਹੱਦ ਖ਼ਰਾਬ ਹੋ ਜਾਵੇਗੀ। 


Lalita Mam

Content Editor

Related News