ਅਸੀਂ ਸੈਂਕੜੇ ਨਹੀਂ ਸਗੋਂ 13 ਮਿਜ਼ਾਈਲਾਂ ਦਾਗ ਕੇ ਢੇਰ ਕੀਤੇ ਅਮਰੀਕੀ ਫੌਜੀ : ਈਰਾਨ

Thursday, Jan 09, 2020 - 11:08 PM (IST)

ਅਸੀਂ ਸੈਂਕੜੇ ਨਹੀਂ ਸਗੋਂ 13 ਮਿਜ਼ਾਈਲਾਂ ਦਾਗ ਕੇ ਢੇਰ ਕੀਤੇ ਅਮਰੀਕੀ ਫੌਜੀ : ਈਰਾਨ

ਤਹਿਰਾਨ - ਈਰਾਨ ਦੇ ਪੁਲਾੜ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਬ੍ਰਿਗੇਡੀਅਰ ਜਨਰਲ ਨੇ ਆਖਿਆ ਕਿ ਬੁੱਧਵਾਰ ਤੜਕੇ ਉਨ੍ਹਾਂ ਦੇ ਬਲਾਂ ਨੇ ਇਰਾਕ 'ਚ ਅਮਰੀਕੀ ਟਿਕਾਣਿਆਂ 'ਤੇ 13 ਮਿਜ਼ਾਈਲਾਂ ਹੀ ਦਾਗੀਆਂ ਸਨ, ਹਾਲਾਂਕਿ ਉਹ ਸੈਂਕੜੇ ਮਿਜ਼ਾਈਲਾਂ ਦਾਗਣ ਨੂੰ ਤਿਆਰ ਸਨ। ਜਨਰਲ ਅਮੀਰ ਅਲੀ ਹਾਜੀਜ਼ਾਦਾ ਨੇ ਈਰਾਨ ਦੇ ਸਰਕਾਰੀ ਟੀ. ਵੀ. ਨੂੰ ਇਹ ਵੀ ਆਖਿਆ ਕਿ ਉਨ੍ਹਾਂ ਦੇ ਬਲਾਂ ਨੇ ਉਸੇ ਸਮੇਂ 'ਤੇ ਇਰਾਕ 'ਚ ਅਮਰੀਕੀ ਫੌਜੀ ਨਿਗਰਾਨੀ ਸੇਵਾ 'ਤੇ ਸਾਇਬਰ ਹਮਲੇ ਕੀਤੇ ਸਨ। ਉਨ੍ਹਾਂ ਆਖਿਆ ਕਿ ਮਿਜ਼ਾਈਲ ਹਮਲੇ 'ਚ ਅਮਰੀਕੀ ਬਲਾਂ ਦੇ ਦਰਜਨਾਂ ਦੀ ਮੌਤ ਹੋਈ ਅਤੇ ਜ਼ਖਮੀ ਹੋਏ ਹਨ ਪਰ ਇਸ ਅਭਿਆਨ ਦੇ ਜ਼ਰੀਏ ਸਾਡੇ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ ਬਲਕਿ ਦੁਸ਼ਮਣ ਦੇ ਫੌਜੀ ਤੰਤਰ 'ਤੇ ਹਮਲਾ ਕਰਨਾ ਸੀ।

ਫਿਲਹਾਲ, ਅਮਰੀਕਾ ਨੇ ਆਖਿਆ ਹੈ ਕਿ ਮਿਜ਼ਾਈਲ ਹਮਲੇ 'ਚ ਕੋਈ ਅਮਰੀਕੀ ਨਹੀਂ ਮਾਰਿਆ ਗਿਆ। ਇਸ ਵਿਚਾਲੇ ਯੂਰਪੀ ਸੰਘ ਦੇ ਇਕ ਉੱਚ ਅਧਿਕਾਰੀ ਨੇ ਈਰਾਨੀ ਰਾਸ਼ਟਰਪਤੀ ਤੋਂ ਅਵਿਵਹਾਰਕ ਕਦਮਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਜੋ ਈਰਾਨ ਪ੍ਰਮਾਣੂ ਸਮਝੌਤੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਮਝੌਤੇ ਦਾ ਮਕਸਦ ਦੇਸ਼ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਹੈ। ਯੂਰਪੀ ਕਾਊਂਸਿਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲ ਕੀਤੀ। ਇਹ ਗੱਲਬਾਤ ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋਈ ਹੈ। ਇਸ ਬੈਠਕ 'ਚ ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ 'ਤੇ ਚਰਚਾ ਕੀਤੀ ਜਾਵੇਗੀ। ਯੂਰਪੀ ਕਾਊਂਸਿਲ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, ਰੂਹਾਨੀ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਯੂਰਪੀ ਸੰਘ ਦੇ ਨਾਲ ਕਰੀਬੀ ਸਹਿਯੋਗ ਜਾਰੀ ਰੱਖਣਾ ਚਾਹੁੰਦਾ ਹੈ।


author

Khushdeep Jassi

Content Editor

Related News