ਵਾਸ਼ਿੰਗਟਨ ਪੁਲਸ ਨੇ ਬਿਨਾਂ ਲਾਇਸੈਂਸੀ ਅਸਲੇ ਸਣੇ ਹਿਰਾਸਤ 'ਚ ਲਿਆ ਵਿਅਕਤੀ
Monday, Jan 18, 2021 - 11:31 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਇਸ ਹਫ਼ਤੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਰਾਜਧਾਨੀ ਵਾਸ਼ਿੰਗਟਨ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਸੰਬੰਧੀ ਵਾਸ਼ਿੰਗਟਨ, ਡੀ.ਸੀ. ਵਿਚ ਪੁਲਸ ਨੇ ਸ਼ੁੱਕਰਵਾਰ ਨੂੰ ਵਰਜੀਨੀਆ ਨਾਲ ਸੰਬੰਧਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸਮਾਰੋਹ ਦਾ ਇਕ ਨਕਲੀ ਪ੍ਰਮਾਣ ਪੱਤਰ, ਬਿਨਾਂ ਲਾਈਸੈਂਸ ਦੇ ਹੈਂਡਗਨ ਅਤੇ 500 ਤੋਂ ਵੱਧ ਗੋਲੀਆਂ ਸਣੇ ਇਕ ਸੁਰੱਖਿਆ ਚੌਕੀ ਤੋਂ ਲੰਘਣ ਦੀ ਕੋਸ਼ਿਸ਼ ਕੀਤੀ ਸੀ।
ਪੁਲਸ ਰਿਪੋਰਟ ਅਨੁਸਾਰ ਵਰਜੀਨੀਆ ਦੇ ਫਰੰਟ ਰਾਇਲ ਵਾਸੀ 31 ਸਾਲਾ ਵੇਸਲੇ ਐਲਨ ਬੀਲਰ ਨੂੰ ਸ਼ੁੱਕਰਵਾਰ ਨੂੰ ਉਸਦੇ ਟਰੱਕ ਵਿੱਚੋਂ ਦੋ ਅਣ ਰਜਿਸਟਰਡ ਜੀ. ਲਾਕ. 9 ਐੱਮ. ਐੱਮ. ਹੈਂਡਗਨ, 509 ਰਾਉਂਡ 9 ਐੱਮ.ਐੱਮ ਗੋਲੀਆਂ, 12 ਸ਼ਾਟ ਗਨ ਸ਼ੈੱਲ ਅਤੇ ਇਕ 17 ਰਾਊਂਡ ਮੈਗਜ਼ੀਨ ਮਿਲਣ ਦੇ ਬਾਅਦ ਸ਼ਾਮ ਦੇ ਕਰੀਬ 6.30 ਵਜੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਵਲੋਂ ਪੁੱਛੇ ਜਾਣ ਤੇ ਬੀਲਰ ਨੇ ਮੰਨਿਆ ਕਿ ਉਹ ਸੈਂਟਰ ਆਰਮਰੇਸਟ ਵਿਚ ਇਕ ਸੈ. ਮੀ.-ਆਟੋਮੈਟਿਕ ਪਿਸਤੌਲ ਲੈ ਕੇ ਆਇਆ ਸੀ। ਉਸ ਨੇ ਦੱਸਿਆ ਕਿ ਸਮਾਰੋਹ ਤੋਂ ਪਹਿਲਾਂ ਉਸ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿਚ ਇਕ ਸੁਰੱਖਿਆ ਏਜੰਸੀ ਵਿਚ ਕੰਮ ਕੀਤਾ ਅਤੇ ਟਰੱਕ ਵਿੱਚ ਹਥਿਆਰ ਹੋਣ ਬਾਰੇ ਭੁੱਲ ਗਿਆ ਸੀ। ਇਸ ਮਾਮਲੇ ਵਿਚ ਬੀਲਰ ਨੂੰ 16 ਜਨਵਰੀ ਦੇ ਦਿਨ ਡੀ. ਸੀ. ਕੋਰਟ ਵਿਚ ਮੁਕੱਦਮੇ ਲਈ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਉੱਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਹਥਿਆਰ ਰੱਖਣ ਸਣੇ ਪੰਜ ਜੁਰਮਾਂ ਦਾ ਦੋਸ਼ ਲਗਾਇਆ ਗਿਆ । ਫਿਲਹਾਲ ਉਸ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਸ ਦੇ ਬਿਨਾ ਕਿਸੇ ਅਦਾਲਤੀ ਕਾਰਵਾਈ ਦੇ ਰਾਜਧਾਨੀ ਵਿਚ ਵਾਪਸ ਆਉਣ 'ਤੇ ਪਾਬੰਦੀ ਲਗਾਈ ਗਈ ਹੈ।