ਵੇਲਜ਼ ਕਰੇਗਾ ਇੰਗਲੈਂਡ ਦੇ ਕੋਰੋਨਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲਿਆਂ ਲਈ ਆਪਣੀ ਸਰਹੱਦ ਬੰਦ
Thursday, Oct 15, 2020 - 01:26 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕਿਸੇ ਵੀ ਤਰ੍ਹਾਂ ਦੀ ਆਫ਼ਤ ਤੋਂ ਆਪਣੇ ਦੇਸ਼ ਜਾਂ ਖੇਤਰ ਨੂੰ ਬਚਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਈ ਵਾਰ ਸਖ਼ਤ ਫੈਸਲੇ ਵੀ ਲੈਣੇ ਪੈਂਦੇ ਹਨ।
ਅਜਿਹਾ ਹੀ ਫੈਸਲਾ ਹੁਣ ਵੇਲਜ਼ ਲੈਣ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਵੇਲਜ਼ ਦੇ ਫਸਟ ਮਿਨਿਸਟਰ ਮਾਰਕ ਡ੍ਰੈਕਫੋਰਡ ਨੇ ਐਲਾਨ ਕੀਤਾ ਹੈ ਕਿ ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਹੌਟਸਪੌਟਸ ਵਿਚ ਰਹਿਣ ਵਾਲੇ ਲੋਕਾਂ ਨੂੰ ਵੇਲਜ਼ ਵਿੱਚ ਜਾਣ ‘ਤੇ ਪਾਬੰਦੀ ਹੋਵੇਗੀ।
ਇਨ੍ਹਾਂ ਨਵੀਂ ਪਾਬੰਦੀਆਂ ਨੂੰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲਾਗੂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਨਿਯਮ ਇੰਗਲੈਂਡ ਵਿਚ ਟੀਅਰ 2 ਅਤੇ 3 ਖੇਤਰਾਂ ਵਿਚ ਰਹਿਣ ਵਾਲਿਆਂ ਅਤੇ ਇਸ ਦੇ ਨਾਲ ਹੀ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਉੱਚ ਜ਼ੋਖ਼ਮ ਵਾਲੀਆਂ ਥਾਵਾਂ 'ਤੇ ਰਹਿਣ ਵਾਲਿਆਂ ਲਈ ਲਾਗੂ ਹੋਣਗੇ। ਇਸ ਫੈਸਲੇ ਦੇ ਸੰਬੰਧ ਵਿੱਚ ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਡ੍ਰੈਕਫੋਰਡ ਰਾਹੀਂ ਸਰਹੱਦਾਂ ਬੰਦ ਕਰਨ ਦੇ ਸੱਦੇ ਦਾ ਸਮਰਥਨ ਕੀਤਾ ਹੈ। ਇਸ ਦੇ ਇਲਾਵਾ ਸਟਰਜਨ ਚਾਰ ਦੇਸ਼ਾਂ ਦੇ ਵਿਚਕਾਰ ਇਕ ਸਮਝੌਤਾ ਕਰਨ ਦੀ ਮੰਗ ਦੇ ਨਾਲ ਪ੍ਰਧਾਨ ਮੰਤਰੀ ਨੂੰ ਯਾਤਰਾ ਪਾਬੰਦੀਆਂ ਬਾਰੇ ਤੁਰੰਤ ਗੱਲਬਾਤ ਦੀ ਮੰਗ ਵੀ ਕਰੇਗੀ।